ਬਲੇਡ ਨਾਲ ਪਾਲੀਥੀਨ ਪਾੜ ਕੇ ਦੋ ਔਰਤਾਂ ਪਾ ਗਈਆਂ ‘ਦਿਹਾੜੀ’, ਮੱਥੇ ਉਤੇ ਹੱਥ ਮਾਰਦਾ ਰਹਿ ਗਿਆ ਬੈਂਕ ਆਇਆ ਬਾਪੂ

ਬਲੇਡ ਨਾਲ ਪਾਲੀਥੀਨ ਪਾੜ ਕੇ ਦੋ ਔਰਤਾਂ ਪਾ ਗਈਆਂ ‘ਦਿਹਾੜੀ’, ਮੱਥੇ ਉਤੇ ਹੱਥ ਮਾਰਦਾ ਰਹਿ ਗਿਆ ਬੈਂਕ ਆਇਆ ਬਾਪੂ

ਵੀਓਪੀ ਬਿਊਰੋ, ਗੜ੍ਹਦੀਵਾਲਾ : ਪੰਜਾਬ ਨੈਸ਼ਨਲ ਬੈਂਕ ‘ਚ ਮੰਗਲਵਾਰ ਨੂੰ ਦਿਨ-ਦਿਹਾੜੇ 2 ਅਣਪਛਾਤੀਆਂ ਔਰਤਾਂ ਨੇ ਇਕ ਬਜ਼ੁਰਗ ਕੋਲੋਂ ਇਕ ਲੱਖ ਰੁਪਏ ਲੁੱਟ ਲਏ। ਔਰਤਾਂ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਬੈਂਕ ’ਚ ਕਾਫੀ ਭੀੜ ਸੀ। ਬਜ਼ੁਰਗ ਕੈਸ਼ ਕਾਊਂਟਰ ਤੋਂ ਇਕ ਲੱਖ ਰੁਪਏ ਕਢਵਾ ਕੇ ਪੋਲੀਥੀਨ ’ਚ ਪਾ ਕੇ ਬੈਂਕ ਦੇ ਦੂਜੇ ਕਾਊਂਟਰ ’ਤੇ ਐਂਟਰੀ ਕਰਵਾ ਰਿਹਾ ਸੀ। ਔਰਤਾਂ ਬਜ਼ੁਰਗ ਦੇ ਹੱਥ ’ਚ ਫੜੇ ਰੁਪਇਆਂ ਵਾਲੇ ਲਿਫਾਫੇ ਨੂੰ ਬੜੀ ਹੁਸ਼ਿਆਰੀ ਨਾਲ ਬਲੇਡ ਨਾਲ ਕੱਟ ਕੇ ਉਸ ਵਿੱਚੋਂ 1 ਲੱਖ ਰੁਪਏ ਕੱਢ ਕੇ ਭੱਜ ਗਈਆਂ। ਇਸ ਘਟਨਾ ਤੋਂ ਬਾਅਦ ਬੈਂਕ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

 ਇਸ ਸਬੰਧੀ ਸੇਵਾਮੁਕਤ ਅਧਿਆਪਕ ਗੁਰਮੀਤ ਸਿੰਘ ਵਾਸੀ ਜੈਨ ਕਾਲੋਨੀ ਵਾਰਡ ਨੰਬਰ-1 ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਪੰਜਾਬ ਨੈਸ਼ਨਲ ਬੈਂਕ ‘ਚ 1 ਲੱਖ ਰੁਪਏ ਕਢਵਾਉਣ ਗਿਆ ਸੀ। ਕੈਸ਼ ਕਾਊਂਟਰ ਤੋਂ ਪੈਸੇ ਕਢਵਾਉਣ ਤੋਂ ਬਾਅਦ ਜਦੋਂ ਉਹ ਦੂਜੇ ਕਾਊਂਟਰ ’ਤੇ ਬੈਂਕ ਦੀ ਕਾਪੀ ’ਤੇ ਐਂਟਰੀ ਕਰਵਾ ਕੇ ਬਾਹਰ ਆਇਆ ਤਾਂ ਪੋਲੀਥੀਨ ਦਾ ਲਿਫਾਫਾ ਕੱਟਿਆ ਹੋਇਆ ਸੀ ਅਤੇ ਉਸ ਵਿੱਚੋਂ ਇਕ ਲੱਖ ਰੁਪਏ ਦੀ ਨਕਦੀ ਗਾਇਬ ਸੀ। ਇਸ ਦੀ ਸੂਚਨਾ ਤੁਰੰਤ ਉਸ ਨੇ ਬੈਂਕ ਅਧਿਕਾਰੀਆਂ ਅਤੇ ਪੁਲਸ ਨੂੰ ਦਿੱਤੀ।

ਸੂਚਨਾ ਮਿਲਦਿਆਂ ਹੀ ਐੱਸ.ਐੱਚ.ਓ. ਮਲਕੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬੈਂਕ ਅਧਿਕਾਰੀਆਂ ਨਾਲ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ। ਕੈਮਰੇ ‘ਚ ਜਦੋਂ ਗੁਰਮੀਤ ਸਿੰਘ ਕਾਊਂਟਰ ’ਤੇ ਆਪਣੀ ਕਾਪੀ ’ਤੇ ਐਂਟਰੀ ਕਰ ਰਿਹਾ ਸੀ ਤਾਂ ਇਕ ਔਰਤ ਬਜ਼ੁਰਗ ਦੇ ਇਕ ਪਾਸੇ ਤੇ ਦੂਜੀ ਔਰਤ ਪਿੱਛੇ ਖੜ੍ਹੀ ਦਿਖਾਈ ਦੇ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੈਂਕ ਤੋਂ ਬਾਹਰ ਨਿਕਲਦੇ ਸਮੇਂ ਇਨ੍ਹਾਂ ਔਰਤਾਂ ਦੀਆਂ ਤੇਜ਼ੀ ਨਾਲ ਭੱਜਦਿਆਂ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਹਨ। ਇਸ ਸਬੰਧੀ ਐੱਸ.ਐੱਚ.ਓ. ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਬੈਂਕ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਇਨ੍ਹਾਂ ਔਰਤਾਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ, ਜਿਨ੍ਹਾਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਘਟਨਾ ਸਮੇਂ ਬੈਂਕ ’ਚ ਕੋਈ ਵੀ ਗਾਰਡ ਮੌਜੂਦ ਨਹੀਂ ਸੀ। ਪੁਲਿਸ ਮੁਲਜ਼ਮ ਔਰਤਾਂ ਦੀ ਸ਼ਨਾਖਤ ਕਰ ਕੇ ਭਾਲ ਕਰ ਰਹੀ ਹੈ।

error: Content is protected !!