ਸਬ-ਇੰਸਪੈਕਟਰ ਨੇ Dream 11 ‘ਤੇ ਜਿੱਤੇ 1.5 ਕਰੋੜ ਰੁਪਏ, ਪੁਲਿਸ ਵਿਭਾਗ ਨੇ ਕਰ’ਤਾ ਸਸਪੈਂਡ
ਮਹਾਰਾਸ਼ਟਰ (ਵੀਓਪੀ ਬਿਊਰੋ) DREAM 11 ‘ਚ 1.5 ਕਰੋੜ ਰੁਪਏ ਜਿੱਤਣ ਵਾਲੇ ਪਿੰਪਰੀ ਚਿੰਚਵਾੜ ਦੇ ਸਬ-ਇੰਸਪੈਕਟਰ ਸੋਮਨਾਥ ਜੇਂਡੇ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ ਹਨ। ਪਹਿਲਾਂ ਨੋਟਿਸ ਅਤੇ ਹੁਣ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੋਮਨਾਥ ਨੂੰ ਬਿਨਾਂ ਇਜਾਜ਼ਤ ਦੇ ਔਨਲਾਈਨ ਗੇਮਾਂ ਵਿੱਚ ਹਿੱਸਾ ਲੈਣ, ਵਰਦੀ ਵਿੱਚ ਮੀਡੀਆ ਨੂੰ ਇੰਟਰਵਿਊ ਦੇਣ ਅਤੇ ਸਿਵਲ ਸੇਵਾ ਆਚਾਰ ਨਿਯਮਾਂ ਦੀ ਉਲੰਘਣਾ ਕਰਨ ਲਈ ਮੁਅੱਤਲ ਕੀਤਾ ਗਿਆ ਹੈ।
Dream 11 ‘ਚ ਪੈਸੇ ਜਿੱਤਣ ਤੋਂ ਬਾਅਦ ਸਬ-ਇੰਸਪੈਕਟਰ ਨੇ ਕਿਹਾ ਕਿ ਇਸ ਪੈਸੇ ਨਾਲ ਮੈਂ ਘਰ ਦਾ ਕਰਜ਼ਾ ਮੋੜਾਂਗਾ। ਮੈਂ ਬਾਕੀ ਬਚੇ ਪੈਸਿਆਂ ਦੀ ਐੱਫਡੀ ਕਰਾਂਗਾ ਤਾਂ ਜੋ ਮੈਨੂੰ ਵਿਆਜ ਮਿਲਦਾ ਰਹੇ, ਫਿਰ ਉਸ ਪੈਸਿਆਂ ਨਾਲ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗਾ।
ਜਾਣਕਾਰੀ ਮੁਤਾਬਕ 11 ਅਕਤੂਬਰ ਨੂੰ ਸੋਮਨਾਥ ਨੇ ਫੈਂਟੇਸੀ ਕ੍ਰਿਕਟ ਪਲੇਟਫਾਰਮ ਡਰੀਮ 11 ‘ਤੇ 1.5 ਕਰੋੜ ਰੁਪਏ ਜਿੱਤੇ ਸਨ। ਉਸ ਨੇ ਬੰਗਲਾਦੇਸ਼ ਬਨਾਮ ਇੰਗਲੈਂਡ ਕ੍ਰਿਕਟ ਮੈਚ ‘ਚ ਟੀਮ ਨੂੰ ਡਰੀਮ 11 ‘ਤੇ ਬਣਾਇਆ ਸੀ।
ਪੈਸੇ ਜਿੱਤਣ ਤੋਂ ਬਾਅਦ ਸੋਮਨਾਥ ਦੇ ਮਾਮਲੇ ‘ਤੇ ਉੱਥੇ ਦੇ ACP ਨੇ ਕਿਹਾ ਕਿ ਸਬ-ਇੰਸਪੈਕਟਰ ਸੋਮਨਾਥ ਨੇ ਆਨਲਾਈਨ ਗੇਮ ‘ਚ ਹਿੱਸਾ ਲਿਆ ਸੀ। ਪੈਸੇ ਜਿੱਤਣ ਤੋਂ ਬਾਅਦ ਉਸ ਨੇ ਮੀਡੀਆ ਨੂੰ ਇੰਟਰਵਿਊ ਦਿੱਤੀ। ਜਿਸ ਤੋਂ ਬਾਅਦ ਉਸ ਖਿਲਾਫ ਮੁੱਢਲੀ ਜਾਂਚ ਕੀਤੀ ਗਈ। ਜਾਂਚ ‘ਚ ਸਾਹਮਣੇ ਆਇਆ ਕਿ ਨਿਯਮਾਂ ਮੁਤਾਬਕ ਜੇਕਰ ਕੋਈ ਅਜਿਹੀਆਂ ਖੇਡਾਂ ‘ਚ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਪਹਿਲਾਂ ਇਜਾਜ਼ਤ ਲੈਣੀ ਚਾਹੀਦੀ ਹੈ ਪਰ ਉਸ ਨੇ ਨਹੀਂ ਲਈ ਅਤੇ ਵਰਦੀ ‘ਚ ਮੀਡੀਆ ਨੂੰ ਇੰਟਰਵਿਊ ਵੀ ਦਿੱਤੀ। ਸੇਵਾ ਨਿਯਮਾਂ ਅਨੁਸਾਰ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।