ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਕਾਰਨ ਇਲਾਕੇ ‘ਚ ਫੈਲੀ ਸਨਸਨੀ, 300 ਕਿੱਲੋ ਬੇਹਿਸਾਬ ਸੋਨਾ ਬਰਾਮਦ
ਤਿਰੂਪਤੀ (ਉੱਤਮ ਹਿੰਦੂ ਨਿਊਜ਼) : ਆਮਦਨ ਕਰ ਵਿਭਾਗ (ਆਈ.ਟੀ.) ਨੇ ਆਂਧਰਾ ਪ੍ਰਦੇਸ਼ ਦੇ ਕੁੱਡਪਾਹ ਜ਼ਿਲੇ ਦੇ ਪ੍ਰੋਦਾਤੂਰ ਕਸਬੇ ਵਿਚ ਚਾਰ ਗਹਿਣਿਆਂ ਦੀਆਂ ਦੁਕਾਨਾਂ ਤੋਂ ਲਗਭਗ 300 ਕਿਲੋਗ੍ਰਾਮ ਬੇਹਿਸਾਬ ਸੋਨਾ ਜ਼ਬਤ ਕੀਤਾ ਹੈ। ਵਿਜੇਵਾੜਾ ਅਤੇ ਤਿਰੂਪਤੀ ਦੇ ਆਈਟੀ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਚਾਰ ਦਿਨਾਂ ਦੀ ਤਲਾਸ਼ੀ ਦੌਰਾਨ ਸੋਨਾ ਜ਼ਬਤ ਕੀਤਾ ਹੈ।
ਪ੍ਰੋਦਾਤੂਰ ਸੋਨੇ ਦੇ ਵਪਾਰ ਲਈ ਮਸ਼ਹੂਰ ਹੈ। ਇਸ ਕਸਬੇ ਨੂੰ ‘ਦੂਜਾ ਬੰਬੇ’ ਅਤੇ ‘ਗੋਲਡ ਦਾ ਨਗਰ’ ਕਿਹਾ ਜਾਂਦਾ ਹੈ। ਅਧਿਕਾਰੀਆਂ ਨੇ ਪਾਇਆ ਕਿ ਕਸਬੇ ਦੇ ਕੁਝ ਜਿਊਲਰਜ਼ ਵੱਖ-ਵੱਖ ਥਾਵਾਂ ਤੋਂ ਬਿਨਾਂ ਬਿੱਲਾਂ ਤੋਂ ਸੋਨਾ ਖਰੀਦ ਰਹੇ ਹਨ।
ਤਲਾਸ਼ੀ ਲੈਣ ‘ਤੇ ਪਤਾ ਲੱਗਾ ਕਿ ਸੋਨੇ ਦਾ ਹਿਸਾਬ-ਕਿਤਾਬ ਡਾਇਰੀ ‘ਚ ਨਹੀਂ ਸੀ। ਅਧਿਕਾਰੀਆਂ ਨੇ ਬਾਅਦ ਵਿਚ ਜ਼ਬਤ ਕੀਤਾ ਸੋਨਾ ਸੂਟ-ਕੇਸਾਂ ਅਤੇ ਡੱਬਿਆਂ ਵਿਚ ਉੱਚ ਸੁਰੱਖਿਆ ਦੇ ਵਿਚਕਾਰ ਤਿਰੂਪਤੀ ਪਹੁੰਚਾਇਆ। ਜਾਂਚ ‘ਚ ਸਾਹਮਣੇ ਆਇਆ ਕਿ ਜਿਊਲਰਜ਼ ਬਿਨਾਂ ਕਿਸੇ ਦਸਤਾਵੇਜ਼ ਦੇ ਗੁਜਰਾਤ, ਮੁੰਬਈ ਅਤੇ ਕੋਲਕਾਤਾ ਤੋਂ ਸੋਨਾ ਖਰੀਦ ਰਹੇ ਸਨ। ਇਹ ਛਾਪੇਮਾਰੀ ਇਸ ਸੂਚਨਾ ‘ਤੇ ਕੀਤੀ ਗਈ ਸੀ ਕਿ ਸ਼ਹਿਰ ਦੇ ਕੁਝ ਪ੍ਰਮੁੱਖ ਜਿਊਲਰਜ਼ ਕਥਿਤ ਕਾਲੇ ਕਾਰੋਬਾਰ ‘ਚ ਸ਼ਾਮਲ ਹਨ। ਪ੍ਰੋਦਾਤੂਰ ਵਿੱਚ ਗਹਿਣਿਆਂ ਦੀਆਂ 1,000 ਤੋਂ ਵੱਧ ਦੁਕਾਨਾਂ ਹਨ।
ਕੁਝ ਪ੍ਰਮੁੱਖ ਦੁਕਾਨਾਂ ‘ਤੇ ਆਈ.ਟੀ. ਦੀ ਤਲਾਸ਼ੀ ਲੈਣ ਨਾਲ ਬਾਜ਼ਾਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਕਈ ਜਿਊਲਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਇਸ ਦਾ ਅਸਰ ਮੌਜੂਦਾ ਤਿਉਹਾਰੀ ਸੀਜ਼ਨ ਦੌਰਾਨ ਗਹਿਣਿਆਂ ਦੀ ਵਿਕਰੀ ‘ਤੇ ਪਿਆ ਹੈ।
Income tax raid 300 ky gold AP crime black money