ਬਿੱਲ ਕਲੀਅਰ ਕਰਨ ਬਦਲੇ ਠੇਕੇਦਾਰ ਤੋਂ ਮੰਗ ਰਿਹਾ ਸੀ ਰਿਸ਼ਵਤ, 15 ਹਜ਼ਾਰ ਸਣੇ ਰੰਗੇ ਹੱਥੀ ਕਾਬੂ
ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਭਾਰਤੀ ਰੇਲਵੇ ਦੇ ਬਟਾਲਾ ਜਿਲਾ ਗੁਰਦਾਸਪੁਰ ਵਿਖੇ ਬਤੌਰ ਸੀਨੀਅਰ ਸੈਕਸ਼ਨ ਇੰਜੀਨੀਅਰ (ਵਰਕਸ) ਤਾਇਨਾਤ ਵਰੁਣ ਦੇਵ ਪ੍ਰਸਾਦ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਰੇਲਵੇ ਅਧਿਕਾਰੀ ਨੂੰ ਮੈਸਰਜ਼ ਸੋਖੀ ਕੰਟਰੈਕਟਰਜ਼ ਐਂਡ ਇੰਜਨੀਅਰਜ਼, ਪ੍ਰਤਾਪ ਐਵੀਨਿਊ, ਅੰਮ੍ਰਿਤਸਰ ਦੇ ਮਾਲਕ ਨਿਰਮਲ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੱਸਿਆ ਹੈ ਕਿ ਬਟਾਲਾ-ਕਾਦੀਆਂ ਰੇਲਵੇ ਲਾਈਨ ‘ਤੇ ਸਿਵਲ ਵਰਕਸ ਨੂੰ ਪੂਰਾ ਕਰਨ ਲਈ ਉਸ ਦਾ ਭਾਰਤੀ ਰੇਲਵੇ ਨਾਲ ਟੈਂਡਰ ਹੈ। ਉਸ ਨੇ ਦੋਸ਼ ਲਾਇਆ ਕਿ ਉਕਤ ਰੇਲਵੇ ਇੰਜੀਨੀਅਰ ਉਸ ਦੀ ਫਰਮ ਵੱਲੋਂ ਕਰਵਾਏ ਗਏ ਕੰਮ ਦੇ 4 ਲੱਖ 60 ਹਜ਼ਾਰ ਰੁਪਏ ਦੇ ਬਿੱਲ ਕਲੀਅਰ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ ਸੌਦਾ 15 ਹਜ਼ਾਰ ਰੁਪਏ ਵਿਚ ਹੋ ਗਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੇ ਨਤੀਜੇ ਵਜੋਂ ਉਪਰੋਕਤ ਰੇਲਵੇ ਸੈਕਸ਼ਨ ਇੰਜੀਨੀਅਰ ਨੂੰ ਸ਼ਿਕਾਇਤਕਰਤਾ ਪਾਸੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਇਸ ਸਬੰਧੀ ਉਕਤ ਰੇਲਵੇ ਅਧਿਕਾਰੀ ਖਿਲਾਫ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫੜੇ ਗਏ ਦੋਸ਼ੀ ਨੂੰ ਭਲਕੇ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Punjab crime corruption arrested voptv


