ਦੋਸ਼ : ਮੈਰਿਜ ਬਿਊਰੋ ਦੀ ਸਾਈਟ ਤੋਂ ਨੰਬਰ ਚੱਕ ਕੁੜੀ ਨੂੰ ਬਠਿੰਡੇ ਬੁਲਾਇਆ, ਕੌਫੀ ਵਿਚ ਨਸ਼ਾ ਮਿਲਾ ਕੇ ਆਰਮੀ ਵਿਚ ਤਾਇਨਾਤ ਮੇਜਰ ਨੇ ਕੀਤਾ ਜਬਰ ਜਨਾਹ, ਗ੍ਰਿਫ਼ਤਾਰ

ਦੋਸ਼ : ਆਰਮੀ ਵਿਚ ਤਾਇਨਾਤ ਮੇਜਰ ਨੇ ਮੈਰਿਜ ਬਿਊਰੋ ਦੀ ਸਾਈਟ ਤੋਂ ਨੰਬਰ ਚੱਕ ਕੀਤੀ ਦੋਸਤੀ, ਕੁੜੀ ਨੂੰ ਬਠਿੰਡੇ ਬੁਲਾ ਕੌਫੀ ਵਿਚ ਨਸ਼ਾ ਮਿਲਾ ਕੇ ਕੀਤਾ ਜਬਰ ਜਨਾਹ, ਗ੍ਰਿਫ਼ਤਾਰ


ਵੀਓਪੀ ਬਿਊਰੋ, ਜਲੰਧਰ : ਆਰਮੀ ਵਿਚ ਮੇਜਰ ਦੇ ਅਹੁਦੇ ਉਤੇ ਤਾਇਨਾਤ ਇਕ ਵਿਅਕਤੀ ਨੂੰ ਜਲੰਧਰ ਪੁਲਿਸ ਨੇ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਦਰਅਸਲ, ਹਰਿਦੁਆਰ ਦੀ ਰਹਿਣ ਵਾਲੀ ਇਕ ਕੁੜੀ ਨੇ ਮੇਜਰ ’ਤੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਇਲਜ਼ਾਮ ਲਾਇਆ ਹੈ ਤੇ ਇਸ ਮਾਮਲੇ ’ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਬਿਆਨ ਦੇ ਆਧਾਰ ’ਤੇ ਮੇਜਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰ. 118, ਦਿਓਲ ਨਗਰ ਵਜੋਂ ਹੋਈ ਹੈ।


ਪੁਲਿਸ ਨੂੰ ਦਿੱਤੇ ਆਪਣੇ ਬਿਆਨ ’ਚ ਕੁੜੀ ਨੇ ਕਿਹਾ ਕਿ ਉਸ ਦੀ ਉਮਰ ਕਰੀਬ 26 ਸਾਲ ਹੈ ਤੇ ਉਹ ਪ੍ਰਾਈਵੇਟ ਅਧਿਆਪਕਾ ਹੈ। ਲਗਭਗ ਇਕ ਸਾਲ ਪਹਿਲਾਂ, ਉਸ ਨੇ ਆਪਣੇ ਵਿਆਹ ਲਈ ਰਿਸ਼ਤਾ ਲੱਭਣ ਲਈ ਇਕ ਵੈੱਬਸਾਈਟ ‘ਤੇ ਖਾਤਾ ਬਣਾਇਆ ਸੀ। ਅਗਸਤ 2022 ’ਚ ਮਨਪ੍ਰੀਤ ਸਿੰਘ ਨੇ ਉਸ ਨੂੰ ਮੈਸੇਜ ਭੇਜ ਕੇ ਉਸ ਨਾਲ ਵਿਆਹ ਕਰਨ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋ ਗਈ। 25.3.2023 ਨੂੰ ਮਨਪ੍ਰੀਤ ਵੀ ਉਸ ਨੂੰ ਹਰਿਦੁਆਰ ’ਚ ਮਿਲਣ ਆਇਆ ਤੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਉਸ ਨਾਲ ਵਿਆਹ ਕਰਵਾ ਲਵੇਗਾ।


ਮਿਤੀ 5 ਅਗਸਤ 2023 ਨੂੰ ਮੇਜਰ ਨੇ ਕੁੜੀ ਨੂੰ ਬਠਿੰਡੇ ਬੁਲਾਇਆ ਤੇ ਹੋਟਲ ਦੇ ਇਕ ਕਮਰੇ ’ਚ ਲੈ ਗਿਆ ਤੇ ਜਿੱਥੇ ਉਸ ਨੇ ਕੁੜੀ ਨੂੰ ਕੌਫੀ ’ਚ ਕੋਈ ਨਸ਼ੀਲੀ ਚੀਜ਼ ਪਿਆ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਮੇਜਰ ਨੇ ਉਸ ਕੁੜੀ ਨਾਲ ਜਬਰ-ਜ਼ਨਾਹ ਕੀਤਾ, ਜਿਸ ਬਾਰੇ ਕੁੜੀ ਨੂੰ ਸਵੇਰੇ ਹੋਸ਼ ਆਉਣ ’ਤੇ ਪਤਾ ਲੱਗਾ। ਉਪਰੰਤ ਮਨਪ੍ਰੀਤ ਉਸ ਨੂੰ ਬਲੈਕਮੇਲ ਕਰਨ ਲੱਗਾ। ਕੁੜੀ ਅਨੁਸਾਰ 24.8.2023 ਨੂੰ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ ਤੇ ਜਦੋਂ ਉਸ ਨੇ ਇਹ ਗੱਲ ਮਨਪ੍ਰੀਤ ਨੂੰ ਦੱਸੀ ਤਾਂ ਉਸ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਜ਼ਰੂਰ ਕਰਵਾਏਗਾ ਪਰ ਪਹਿਲਾਂ ਉਹ ਗਰਭਪਾਤ ਕਰਵਾਏ। ਉਹ ਵਿਆਹ ਲਈ ਲਾਰਾ ਲਾਉਣ ਲੱਗਾ ਤੇ ਗਰਭਪਾਤ ਕਰਵਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਪਰ ਕੁੜੀ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 5.9.2023 ਨੂੰ ਉਹ ਮਨਪ੍ਰੀਤ ਦੇ ਘਰ ਗਈ ਤਾਂ ਉਸ ਸਮੇਂ ਉਸ ਦੀ ਕੁੱਖ ’ਚ ਬੱਚਾ ਪਲ ਰਿਹਾ ਸੀ। ਮਨਪ੍ਰੀਤ ਉਸ ਨੂੰ ਆਪਣੇ ਕਮਰੇ ’ਚ ਲੈ ਗਿਆ, ਉੱਚੀ-ਉੱਚੀ ਗਾਣੇ ਵਜਾਏ, ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਮਨਪ੍ਰੀਤ ਨੇ ਉਸ ਨੂੰ ਗਰਭਪਾਤ ਕਰਵਾਉਣ ਲਈ ਦਵਾਈਆਂ ਦੇਣ ਦੀ ਕੋਸ਼ਿਸ਼ ਵੀ ਕੀਤੀ। ਉਧਰ, ਭਾਰਗੋ ਕੈਪ ਥਾਣੇ ਦੇ ਐੱਸ. ਐੱਚ. ਓ. ਹਰਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਮਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੇਰੇ ’ਤੇ ਲੱਗੇ ਦੋਸ਼ ਬੇ-ਬੁਨਿਆਦ : ਮਨਪ੍ਰੀਤ ਸਿੰਘ
ਪੁਲਿਸ ਜਿਵੇਂ ਹੀ ਮਨਪ੍ਰੀਤ ਨੂੰ ਸਿਵਲ ਹਸਪਤਾਲ ਮੈਡੀਕਲ ਲਈ ਲੈ ਕੇ ਗਈ ਤਾਂ ਉਸ ਨੇ ਕਿਹਾ ਕਿ ਉਸ ’ਤੇ ਲੱਗੇ ਸਾਰੇ ਦੋਸ਼ ਝੂਠੇ ਹਨ, ਉਸ ਨੇ ਕਿਸੇ ਨਾਲ ਜਬਰ-ਜ਼ਨਾਹ ਨਹੀਂ ਕੀਤਾ ਹੈ। ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ। ਮਨਪ੍ਰੀਤ ਨੇ ਕਿਹਾ ਕਿ ਉਸ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ ਤੇ ਪੁਲਿਸ ਜਾਂਚ ’ਚ ਸਭ ਕੁਝ ਸਪੱਸ਼ਟ ਹੋ ਜਾਵੇਗਾ।

error: Content is protected !!