ਦੀਵਾਲੀ ਮਗਰੋਂ ਠੰਢ ਨੇ ਫੜਿਆ ਜ਼ੋਰ, ਡਿੱਗਣ ਲੱਗਾ ਦਿਨ-ਰਾਤ ਦਾ ਤਾਪਮਾਨ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਦੀਵਾਲੀ ਮਗਰੋਂ ਠੰਢ ਨੇ ਫੜਿਆ ਜ਼ੋਰ, ਡਿੱਗਣ ਲੱਗਾ ਦਿਨ-ਰਾਤ ਦਾ ਤਾਪਮਾਨ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਵਿਚ ਦੀਵਾਲੀ ਤੋਂ ਬਾਅਦ ਠੰਢ ਨੇ ਅਚਾਨਕ ਜ਼ੋਰ ਫੜ ਲਿਆ ਹੈ। ਹੁਣ ਰਾਤਾਂ ਦੇ ਨਾਲ-ਨਾਲ ਦਿਨ ਦਾ ਤਾਪਮਾਨ ਵੀ ਡਿੱਗਣ ਲੱਗਾ ਹੈ। ਸੋਮਵਾਰ ਨੂੰ ਸੂਬੇ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਰਹੀ, ਜਿਸ ਕਰ ਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਜਦਕਿ ਕਈ ਥਾਈਂ ਧੁੰਦ ਕਾਰਨ ਹਾਦਸੇ ਵੀ ਵਾਪਰੇ। ਦਿਨ ਚੜ੍ਹਨ ਦੇ ਨਾਲ-ਨਾਲ ਧੁੰਦ ਦਾ ਅਸਰ ਘਟਦਾ ਰਿਹਾ।


ਦੂਜੇ ਪਾਸੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿਚ ਘੱਟ ਤੋਂ ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 11.9, ਪਟਿਆਲਾ ਵਿਚ 12, ਬਠਿੰਡਾ ਵਿਚ 11.2, ਫਰੀਦਕੋਟ ਵਿਚ 10.5, ਗੁਰਦਾਸਪੁਰ ਵਿਚ 12, ਨਵਾਂ ਸ਼ਹਿਰ ਵਿਚ 11.9, ਬਰਨਾਲਾ ਵਿਚ 11.8, ਫ਼ਤਹਿਗੜ੍ਹ ਸਾਹਿਬ ਵਿਚ 9.3, ਫਿਰੋਜ਼ਪੁਰ ਵਿਚ 10.5, ਜਲੰਧਰ ਵਿਚ 10.2, ਮੋਗਾ ਵਿਚ 10.3, ਮੁਹਾਲੀ ਵਿਚ 14.3, ਰੋਪੜ ਵਿਚ 11.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।


ਬੀਤੇ ਦਿਨੀਂ ਲੁਧਿਆਣਾ ਵਿਚ ਰਾਤ ਦਾ ਤਾਪਮਾਨ ਸਭ ਤੋਂ ਘੱਟ ਅਤੇ ਪਟਿਆਲਾ ਵਿਚ ਦਿਨ ਸਮੇਂ ਸਭ ਨਾਲੋਂ ਵੱਧ ਤਾਪਮਾਨ ਰਿਹਾ। ਲੁਧਿਆਣਾ ਵਿਚ ਘੱਟ ਤੋਂ ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4.7 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਪਟਿਆਲਾ ਵਿਚ ਵੱਧ ਤੋਂ ਵੱਧ ਤਾਪਮਾਨ 29.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

error: Content is protected !!