ਇਕ ਹੋਰ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਆਈ ਸਾਹਮਣੇ, ਸਿਰਫ਼ ਸੀਐਮ ਨੂੰ ਦੇਵਾਂਗਾ ਵੀਡੀਓ ਵਾਲਾ ਪੈਨ ਡਰਾਈਵ : ਮਜੀਠੀਆ

ਇਕ ਹੋਰ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਆਈ ਸਾਹਮਣੇ, ਜਨਤਕ ਨਹੀਂ ਕਰਾਂਗਾ, ਸਿਰਫ਼ ਸੀਐਮ ਨੂੰ ਦੇਵਾਂਗਾ ਵੀਡੀਓ ਵਾਲਾ ਪੈਨ ਡਰਾਈਵ : ਮਜੀਠੀਆ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਇਕ ਹੋਰ ਕੈਬਨਿਟ ਮੰਤਰੀ  ਦੀ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ। ਉਹ ਮੇਰੀ ਪੈਨ ਡਰਾਈਵ ਵਿਚ ਕੈਦ ਹੈ, ਜੋ ਮੁੱਖ ਮੰਤਰੀ ਨੂੰ ਸੌਂਪਾਂਗਾ। ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ। ਉਨ੍ਹਾਂ ਮੀਡੀਆ ਸਾਹਮਣੇ ਉਹ ਪੈੱਨ ਡਰਾਈਵ ਦਿਖਾਈ। ਹਾਲਾਂਕਿ ਉਨ੍ਹਾਂ ਨੇ ਇਸ ਵੀਡੀਓ ਨੂੰ ਜਨਤਕ ਕਰਨ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ। ਵੀਡੀਓ ਬਾਰੇ ਮਜੀਠੀਆ ਨੇ ਸਿਰਫ਼ ਏਨਾ ਕਿਹਾ ਕਿ ਇਹ ‘ਹੈਪੀ ਮੂਵਮੈਂਟ’ ਦੀ ਵੀਡੀਓ ਹੈ ਤੇ ਬਹੁਤੀ ਪੁਰਾਣੀ ਨਹੀਂ ਹੈ। ਇਹ ਵੀਡੀਓ ਦੇਖਣ ਲਾਇਕ ਨਹੀਂ। ਵੀਡੀਓ ’ਚ ਸਾਫ਼ ਹੈ ਕਿ ਕਿਸ ਤਰ੍ਹਾਂ ਮੰਤਰੀ ਨੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਜਿਵੇਂ ਦਿੱਲੀ ਦੇ ਇਕ ਮੰਤਰੀ ਨੇ ਰਾਸ਼ਨ ਕਾਰਡ ਬਣਾਉਣ ਲਈ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਸੀ।

ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਪੈੱਨ ਡਰਾਈਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਣਗੇ ਕਿਉਂਕਿ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਬਦਨਾਮ ਕਰਨਾ ਨਹੀਂ, ਬਲਕਿ ਅਜਿਹੇ ਮੰਤਰੀ ਤੋਂ ਪੰਜਾਬ ਕੈਬਨਿਟ ਨੂੰ ਮੁਕਤ ਕਰਵਾਉਣਾ ਹੈ।

ਵੀਡੀਓ ਜਾਰੀ ਨਾ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਅੱਠ ਸਾਲ ਪੁਰਾਣੀ ਵੀਡੀਓ ਨੂੰ ਸ਼ੇਅਰ ਕਰਨ ਦੇ ਮਾਮਲੇ ’ਚ ਅਕਾਲੀ ਆਗੂ ਬੰਟੀ ਰੋਮਾਣਾ ਨਾਲ ਕੀ ਹੋਇਆ ਇਹ ਸਾਰੇ ਜਾਣਦੇ ਹਨ, ਮੈਂ ਸਰਕਾਰ ਨੂੰ ਇਹ ਮੌਕਾ ਬਿਲਕੁੱਲ ਨਹੀਂ ਦਿਆਂਗਾ। ਉਨ੍ਹਾਂ ਕਿਹਾ ਕਿ ਮੈਂ ਤਾਂ ਇਹ ਦੇਖਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਕੀ ਐਕਸ਼ਨ ਲੈਂਦੇ ਹਨ। ਇਸ ਦੇ ਨਾਲ ਇਹ ਰਹੱਸ ਵੀ ਬਰਕਰਾਰ ਰਿਹਾ ਕਿ ਆਖ਼ਰ ਇਹ ਵੀਡੀਓ ਕਿਸ ਮੰਤਰੀ ਦੀ ਹੈ।


ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਟਵੀਟ (ਹੁਣ ਐਕਸ) ਦੀ ਭਾਸ਼ਾ ਸਮਝ ਆਉਂਦੀ ਹੈ ਇਸ ਲਈ ਉਨ੍ਹਾਂ ਨੇ ਸੀਐੱਮ ਨੂੰ ‘ਤੋਹਫ਼ੇ’ਵਾਲਾ ਟਵੀਟ ਕੀਤਾ ਸੀ ਕਿ ਉਹ ਉਨ੍ਹਾਂ ਨਾਲ ਸੰਪਰਕ ਕਰ ਕੇ ਪੈੱਨ ਡਰਾਈਵ ਲੈ ਲੈਣਗੇ ਪਰ ਚਾਰ ਦਿਨ ਲੰਘ ਜਾਣ ਦੇ ਬਾਵਜੂਦ ਮੁੱਖ ਮੰਤਰੀ ਦਾ ਫੋਨ ਨਹੀਂ ਆਇਆ। ਉਨ੍ਹਾਂ ਨੇ ਸੀਐੱਮ ਹਾਊਸ ਫੋਨ ਵੀ ਕੀਤਾ। ਆਪ੍ਰੇਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਆਪਣੇ ਦਫ਼ਤਰ ਗਏ ਹੋਏ ਹਨ ਜਿਸ ਤੋਂ ਬਾਅਦ ਮਜੀਠੀਆ ਨੇ ਚਾਰ ਵਾਰ ਮੁੱਖ ਮੰਤਰੀ ਦੇ ਦਫ਼ਤਰ ਕਾਲ ਕੀਤੀ ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਇਕ ਅਸ਼ਲੀਲ ਵੀਡੀਓ ਰਾਜਪਾਲ ਨੂੰ ਸੌਂਪੀ ਗਈ ਸੀ। ਰਾਜਪਾਲ ਨੇ ਮੁੱਖ ਮੰਤਰੀ ਨੂੰ ਕਟਾਰੂਚੱਕ ਨੂੰ ਕੈਬਨਿਟ ’ਚੋਂ ਹਟਾਉਣ ਲਈ ਕਿਹਾ ਸੀ ਪਰ ਫਿਰ ਐੱਸਆਈਟੀ ਬਣ ਗਈ ਤੇ ਪੂਰੇ ਮਾਮਲੇ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਗਿਆ। ਇਸ ਲਈ ਉਹ ਇਸ ਪੈੱਨ ਡਰਾਈਵ ਨੂੰ ਸਿਰਫ਼ ਮੁੱਖ ਮੰਤਰੀ ਨੂੰ ਹੀ ਸੌਂਪਣਗੇ। ਮਜੀਠੀਆ ਨੇ ਕਿਹਾ ਕਿ ਜੇ ਇਕ ਦੋ ਦਿਨਾਂ ’ਚ ਮੁੱਖ ਮੰਤਰੀ ਉਨ੍ਹਾਂ ਨਾਲ ਸੰਪਰਕ ਕਰ ਕੇ ਪੈੱਨ ਡਰਾਈਵ ਨਹੀਂ ਲੈਂਦੇ ਤਾਂ ਉਨ੍ਹਾਂ ਨੂੰ ਮਜਬੂਰੀ ’ਚ ਅਗਲਾ ਐਕਸ਼ਨ ਲੈਣਾ ਪਵੇਗਾ।

error: Content is protected !!