ਇੰਤਕਾਲ ਕਰਨ ਬਦਲੇ ਲਈ 91 ਹਜ਼ਾਰ ਦੀ ਰਿਸ਼ਵਤ, ਪਟਵਾਰੀ ਦੀ ਕਾਲ ਹੋ ਗਈ ਰਿਕਾਰਡ, ਵਿਜੀਲੈਂਸ ਨੇ ਕੀਤਾ ਕਾਬੂ

ਇੰਤਕਾਲ ਕਰਨ ਬਦਲੇ ਲਈ 91 ਹਜ਼ਾਰ ਦੀ ਰਿਸ਼ਵਤ, ਪਟਵਾਰੀ ਦੀ ਕਾਲ ਹੋ ਗਈ ਰਿਕਾਰਡ, ਵਿਜੀਲੈਂਸ ਨੇ ਕੀਤਾ ਕਾਬੂ


ਵੀਓਪੀ ਬਿਊਰੋ, ਗੁਰਦਾਸਪੁਰ : ਭ੍ਰਿਸ਼ਟਾਚਾਰ ਦੇ ਖਿ਼ਲਾਫ਼ ਪੰਜਾਬ ਵਿਜੀਲੈਂਸ ਬਿਊਰੋ ਦੀ ਮੁਹਿੰਮ ਜਾਰੀ ਹੈ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਮਾਲ ਹਲਕਾ ਪੁਰਾਣਾ ਵਾਹਲਾ ਵਿਖੇ ਤਾਇਨਾਤ ਮਾਲ ਪਟਵਾਰੀ ਸਤਿੰਦਰਪਾਲ ਸਿੰਘ ਨੂੰ 91,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਧਾਰੋਵਾਲੀ ਦੇ ਵਸਨੀਕ ਉਪਰੋਕਤ ਮਾਲ ਕਰਮਚਾਰੀ ਨੂੰ ਇਕਬਾਲ ਸਿੰਘ ਵਾਸੀ ਪਿੰਡ ਪੰਨਵਾਂ ਝਾਂਗੀ, ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।


ਉਸ ਨੇ ਇਸ ਸਬੰਧੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਨੇ ਉਸ ਦੀ ਅਤੇ ਉਸ ਦੇ ਪੁੱਤਰ ਦੀ ਜ਼ਮੀਨ ਦਾ ਇੰਤਕਾਲ ਕਰਨ ਬਦਲੇ ਉਨ੍ਹਾਂ ਤੋਂ ਤਿੰਨ ਕਿਸ਼ਤਾਂ ‘ਚ 61,000, 20,000 ਅਤੇ 10,000 ਰੁਪਏ ਲਏ ਹਨ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਸਬੰਧੀ ਪਟਵਾਰੀ ਨਾਲ ਹੋਈ ਗੱਲਬਾਤ ਵੀ ਰਿਕਾਰਡ ਕੀਤੀ ਹੈ, ਜੋ ਕਿ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਗਈ।


ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ ਸ਼ਿਕਾਇਤ ਦੀ ਪੜਤਾਲ ਉਪਰੰਤ ਮੁਲਜ਼ਮ ਮਾਲ ਕਰਮਚਾਰੀ ਨੂੰ ਸ਼ਿਕਾਇਤਕਰਤਾ ਤੋਂ 91,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ‘ਤੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪਟਵਾਰੀ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!