ਹਾਰਨ ਮਗਰੋਂ ਫੁੱਟ-ਫੁੱਟ ਰੋਏ ਭਾਰਤੀ ਖਿਡਾਰੀ, ਅੱਖਾਂ ਵਿਚ ਹੰਝੂ ਤੇ ਹੋਕੇ ਭਰਦੇ ਖੇਡ ਮੈਦਾਨ ਵਿਚੋਂ ਬਾਹਰ ਚਲੇ ਗਏ ਸੀ ਰੋਹਿਤ, ਸਿਰਾਜ ਵੀ ਨਾ ਰੋਕ ਸਕੇ ਹੰਝੂ, (ਵੇਖੋ ਵੀਡੀਓਜ਼)
ਵੀਓਪੀ ਬਿਊਰੋ, ਨੈਸ਼ਨਲ-ਆਈਸੀਸੀ ਵਿਸ਼ਵ ਕੱਪ 2023 ਆਸਟਰੇਲੀਆ ਨੇ ਭਾਰਤੀ ਕ੍ਰਿਕਟ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ ਹੈ। ਭਾਰਤੀ ਟੀਮ ਦਾ ਤੀਜੀ ਵਾਰ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ। ਰੋਹਿਤ ਸ਼ਰਮਾ ਐਂਡ ਕੰਪਨੀ ਖ਼ਿਤਾਬੀ ਮੈਚ ਵਿਚ ਪੂਰੀ ਤਰ੍ਹਾਂ ਟੁੱਟ ਗਈ। ਲਗਾਤਾਰ ਸਾਰੇ ਦੇ ਸਾਰੇ 10 ਮੈਚ ਜਿੱਤ ਕੇ ਫਾਈਨਲ ਦੀ ਟਿਕਟ ਬੁੱਕ ਕਰ ਚੁੱਕੀ ਟੀਮ ਇੰਡੀਆ ਨੂੰ ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਸਖਤ ਮਿਹਨਤ ਤੋਂ ਬਾਅਦ ਫਾਈਨਲ ਵਿਚ ਮਿਲੀ ਹਾਰ ਨਾਲ ਭਾਰਤੀ ਟੀਮ ਦੇ ਖਿਡਾਰੀ ਟੁੱਟ ਗਏ ਤੇ ਮੈਦਾਨ ਵਿਚ ਭਾਵੁਕ ਹੁੰਦੇ ਦੇਖੇ ਗਏ।
ਮੁਹੰਮਦ ਸਿਰਾਜ ਦੇ ਓਵਰ ਦੀ ਆਖਰੀ ਗੇਂਦ ਉਤੇ ਦੋ ਦੌੜਾਂ ਲੈ ਕੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ ਯਾਦਗਾਰ ਜਿੱਤ ਹਾਸਲ ਕੀਤੀ ਤਾਂ ਭਾਰਤੀ ਟੀਮ ਦੇ ਕਪਤਾਨ ਦੇ ਅੱਖਾਂ ਵਿਚੋਂ ਹੰਝੂ ਆ ਗਏ। ਅੱਖਾਂ ਵਿਚ ਹੰਝੂ ਲੈ ਕੇ ਤੇ ਹੋਕੇ ਭਰਦੇ ਕਪਤਾਨ ਸਟੇਡੀਅਮ ਵਿਚੋਂ ਬਾਹਰ ਨਿਕਲ ਗਏ। ਰੋਹਿਤ ਸ਼ਰਮਾ ਦੀ ਪਤਨੀ ਵੀ ਰੋਂਦੇ ਹੋਏ ਕੈਮਰੇ ਵਿਚ ਕੈਦ ਹੋ ਗਈ। ਉਧਰ, ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀਆਂ ਅੱਖਾਂ ‘ਚ ਹੰਝੂ ਆ ਗਏ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਪਣੇ ਸਾਥੀ ਸਿਰਾਜ ਨੂੰ ਦਿਲਾਸਾ ਦਿੰਦੇ ਨਜ਼ਰ ਆਏ। ਸਿਰਾਜ ਦੀਆਂ ਅੱਖਾਂ ‘ਚੋਂ ਹੰਝੂ ਵਹਿਣ ਲੱਗੇ। ਬੁਮਰਾਹ ਤੋਂ ਬਾਅਦ ਵਿਰਾਟ ਕੋਹਲੀ ਸਮੇਤ ਹੋਰ ਖਿਡਾਰੀਆਂ ਨੇ ਵੀ ਉਸ ਦਾ ਹੌਸਲਾ ਵਧਾਉਣਾ ਸ਼ੁਰੂ ਕਰ ਦਿੱਤਾ। ਰੋਹਿਤ ਸ਼ਰਮਾ ਤੇ ਸਿਰਾਜ ਦੀਆਂ ਇਹ ਭਾਵੁਕ ਵੀਡੀਓਜ਼ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਫਾਈਨਲ ਵਿੱਚ ਸਿਰਾਜ ਨੇ 7 ਓਵਰਾਂ ਵਿੱਚ 45 ਦੌੜਾਂ ਦੇ ਕੇ ਇੱਕ ਵਿਕਟ ਲਈ।
ਫਾਈਨਲ ਹਾਰਨ ਤੋਂ ਵਿਰਾਟ ਕੋਹਲੀ ਵੀ ਕਾਫੀ ਭਾਵੁਕ ਹੋ ਗਏ। ਉਹ ਆਪਣੀ ਕੈਪ ਨਾਲ ਖੁਦ ਨੂੰ ਲੁਕਾਉਂਦੇ ਨਜ਼ਰ ਆਏ। ਹਾਰ ਤੋਂ ਬਾਅਦ ਪਤਨੀ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਨੂੰ ਗਲੇ ਲਗਾ ਕੇ ਦਿਲਾਸਾ ਦਿੰਦੀ ਨਜ਼ਰ ਆਈ। ਇਹ ਵਿਰਾਟ ਦਾ ਆਖ਼ਰੀ ਵਨਡੇ ਵਿਸ਼ਵ ਕੱਪ ਹੋ ਸਕਦਾ ਹੈ। ਹਾਲਾਂਕਿ ਉਸ ਨੇ ਪੂਰੇ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਰਾਟ ਨੇ 11 ਮੈਚਾਂ ‘ਚ ਸਭ ਤੋਂ ਵੱਧ 765 ਦੌੜਾਂ ਬਣਾਈਆਂ। ਉਸ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ।
ਭਾਰਤੀ ਟੀਮ ਤੋਂ 12 ਸਾਲ ਬਾਅਦ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ। ਟੀਮ ਇੰਡੀਆ ਨੇ ਆਖਰੀ ਵਾਰ 2011 ‘ਚ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਫਿਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਟਰਾਫੀ ‘ਤੇ ਕਬਜ਼ਾ ਕੀਤਾ।