ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀ ਨੂੰ ਭਜਾਉਣ ‘ਚ ਮਦਦ ਕਰਨ ਵਾਲੇ ਬਰਖਾਸਤ ਸਬ-ਇੰਸਪੈਕਟਰ ਨੂੰ ਹਾਈ ਕੋਰਟ ਨੇ ਦਿੱਤੀ ਜਮਾਨਤ

ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀ ਨੂੰ ਭਜਾਉਣ ‘ਚ ਮਦਦ ਕਰਨ ਵਾਲੇ ਬਰਖਾਸਤ ਸਬ-ਇੰਸਪੈਕਟਰ ਨੂੰ ਹਾਈ ਕੋਰਟ ਨੇ ਦਿੱਤੀ ਜਮਾਨਤ

ਮਾਨਸਾ (ਵੀਓਪੀ ਬਿਊਰੋ) ਪੰਜਾਬ-ਹਰਿਆਣਾ ਹਾਈ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਦੀਪਕ ਟੀਨੂੰ ਨੂੰ ਭਜਾਉਣ ਦੇ ਮਾਮਲੇ ਵਿੱਚ ਬਰਖਾਸਤ ਐਸਆਈ ਪ੍ਰਿਤਪਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਪਟੀਸ਼ਨਕਰਤਾ ‘ਤੇ ਦੀਪਕ ਨੂੰ ਸੀਆਈਏ ਦੀ ਹਿਰਾਸਤ ‘ਚ ਰਹਿਣ ਦੌਰਾਨ ਭੱਜਣ ‘ਚ ਮਦਦ ਕਰਨ ਦਾ ਦੋਸ਼ ਹੈ।

ਜਾਂਚ ਟੀਮ ਮੁਤਾਬਕ ਦੀਪਕ ਟੀਨੂੰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ ਅਤੇ ਉਸ ਨੇ ਮੂਸੇਵਾਲਾ ਦੇ ਕਤਲ ਲਈ ਸ਼ਾਰਪ ਸ਼ੂਟਰ ਤਿਆਰ ਕਰਨ ‘ਚ ਮਦਦ ਕੀਤੀ ਸੀ। ਪ੍ਰਿਤਪਾਲ ਦੇ ਵਕੀਲ ਨੇ ਪਟੀਸ਼ਨ ‘ਚ ਕਿਹਾ ਹੈ ਕਿ ਦੋਸ਼ੀ ਦੀਪਕ ਨੇ ਸੁਰੱਖਿਆ ਏਜੰਸੀਆਂ ਨੂੰ ਗੈਂਗਸਟਰਾਂ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਸੀ। ਜਿਸ ਦਿਨ ਉਹ ਪੁਲਿਸ ਹਿਰਾਸਤ ‘ਚੋਂ ਫਰਾਰ ਹੋਇਆ ਸੀ, ਉਸ ਨੇ ਸੀ.ਆਈ.ਏ. ਸਟਾਫ਼ ਮਾਨਸਾ ਨੂੰ ਲਾਲਚ ਦਿੱਤਾ ਸੀ ਕਿ ਉਹ ਗੈਂਗਸਟਰਾਂ ਵੱਲੋਂ ਵਰਤੇ ਜਾਂਦੇ ਹਥਿਆਰਾਂ ਦੀ ਵੱਡੀ ਖੇਪ ਹਾਸਲ ਕਰ ਸਕਦਾ ਹੈ। ਪੂਰਾ ਸੀਆਈਏ ਸਟਾਫ਼ ਉਸ ਦੇ ਜਾਲ ਵਿੱਚ ਫਸ ਗਿਆ ਅਤੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਹ ਹਿਰਾਸਤ ਵਿੱਚੋਂ ਫਰਾਰ ਹੋ ਗਿਆ।

ਅਦਾਲਤ ਨੂੰ ਦੱਸਿਆ ਗਿਆ ਕਿ ਦੀਪਕ ਨੂੰ ਮੁੜ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਸਲਾਖਾਂ ਪਿੱਛੇ ਹੈ। ਇਸ ਦੇ ਨਾਲ ਹੀ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਸ ਮਾਮਲੇ ‘ਚ ਸਹਿ-ਦੋਸ਼ੀ ਸੁਨੀਲ ਕੁਮਾਰ ਲੋਹੀਆ, ਕੁਲਦੀਪ ਸਿੰਘ ਅਤੇ ਹੋਰਾਂ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ।

ਹਾਈਕੋਰਟ ਨੇ ਪਟੀਸ਼ਨਕਰਤਾ ਦੇ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਸਬੰਧੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਅਤੇ ਸਰਕਾਰੀ ਵਕੀਲ ਨੇ ਤੱਥਾਂ ਦੀ ਪੜਤਾਲ ਲਈ ਕੁਝ ਸਮਾਂ ਮੰਗਿਆ। ਸਰਕਾਰੀ ਵਕੀਲ ਨੂੰ ਸਮਾਂ ਦਿੰਦਿਆਂ ਹਾਈਕੋਰਟ ਨੇ ਹੇਠਲੀ ਅਦਾਲਤ ਅਤੇ ਡਿਊਟੀ ਮੈਜਿਸਟ੍ਰੇਟ ਦੀ ਤਸੱਲੀ ‘ਤੇ ਬਰਖ਼ਾਸਤ ਸਬ-ਇੰਸਪੈਕਟਰ ਪ੍ਰਿਤਪਾਲ ਨੂੰ ਅੰਤਰਿਮ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ |

error: Content is protected !!