ਕਿਸਾਨਾਂ ਦਾ ਜਲੰਧਰ-ਲੁਧਿਆਣਾ ਹਾਈਵੇ ਉਤੇ ਧਰਨਾ ਅੱਜ ਵੀ ਜਾਰੀ, ਜਾਮ ਰਹੇਗਾ ਹਾਈਵੇ!

ਕਿਸਾਨਾਂ ਦਾ ਜਲੰਧਰ-ਲੁਧਿਆਣਾ ਹਾਈਵੇ ਉਤੇ ਧਰਨਾ ਅੱਜ ਵੀ ਜਾਰੀ, ਜਾਮ ਰਹੇਗਾ ਹਾਈਵੇ!


ਵੀਓਪੀ ਬਿਊਰੋ, ਜਲੰਧਰ-ਕਿਸਾਨਾਂ ਵੱਲੋਂ ਬੀਤੇ ਦਿਨੀਂ ਇੱਕ ਵਾਰ ਮੁੜ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ, ਜੋ ਅੱਜ ਵੀ ਜਾਰੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ-ਦਿੱਲੀ ਹਾਈਵੇ ’ਤੇ ਧੰਨੋਵਾਲੀ ਗੇਟ ਨੇੜੇ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਹੈ। ਇਹ ਧਰਨਾ ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ ’ਤੇ ਗੰਨੇ ਦੇ ਰੇਟਾਂ ’ਚ ਵਾਧੇ ਤੇ ਹੋਰ ਮੰਗਾਂ ਪੁਗਾਉਣ ਲਈ ਲਾਇਆ ਗਿਆ। ਰਾਤ ਵੇਲੇ ਸਰਵਿਸ ਲਾਈਨ ਖੋਲ੍ਹ ਦਿੱਤੀ ਸੀ ਪਰ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਦੀ ਮੀਟਿੰਗ ਸਾਡੇ ਹੱਕ ਵਿੱਚ ਨਾ ਹੋਈ ਤਾਂ ਉਹ ਸਰਵਿਸ ਲਾਈਨ ਦੇ ਨਾਲ-ਨਾਲ ਧੰਨੋਵਾਲੀ ਫਾਟਕ ’ਤੇ ਜਾਮ ਲਾ ਕੇ ਰੇਲਾਂ ਰੋਕ ਦੇਣਗੇ।


ਉਧਰ, ਕਿਸਾਨਾਂ ਦੇ ਧਰਨੇ ਕਾਰਨ ਮੰਗਲਵਾਰ ਨੂੰ ਜ਼ਿਲ੍ਹੇ ਦੀਆਂ ਮੁੱਖ ਸੜਕਾਂ ’ਤੇ ਵਾਹਨ ਕਈ-ਕਈ ਘੰਟੇ ਜਾਮ ਵਿਚ ਫਸੇ ਰਹੇ, ਜਿਸ ਕਾਰਨ ਲੋਕ, ਖਾਸ ਕਰਕੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰਾਮਾਂਮੰਡੀ, ਆਦਮਪੁਰ, ਭੋਗਪੁਰ, ਕਿਸ਼ਨਗੜ੍ਹ, ਫਗਵਾੜਾ ਹੁਸ਼ਿਆਰਪੁਰ ਤੇ ਸ਼ਹਿਰ ਦੀਆਂ ਸੜਕਾਂ ’ਤੇ ਜਾਮ ਵਾਲੀ ਸਥਿਤੀ ਬਣੀ ਰਹੀ। ਇਸ ਜਾਮ ਵਿੱਚ ਐਂਬੂਲੈਂਸਾਂ ਵੀ ਫਸੀਆਂ ਦੇਖੀਆਂ ਗਈਆਂ।


ਦੱਸ ਦਈਏ ਕਿ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੇਰ ਸ਼ਾਮ ਕਿਸਾਨਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਤੇ ਜਲਦ ਤੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਕਿਸਾਨਾਂ ਨੇ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਬੀਕੇਯੂ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਕੋਈ ਵੀ ਕਿਸਾਨ ਹਾਈਵੇ ਬੰਦ ਕਰਨ ਦੇ ਹੱਕ ਵਿੱਚ ਨਹੀਂ ਪਰ ਸਰਕਾਰ ਨੂੰ ਨੀਂਦ ’ਚ ਉਠਾਉਣ ਲਈ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮਿੱਲ ਨੂੰ ਚੱਲਣ ਨਹੀਂ ਦੇ ਰਹੀ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਗੰਨੇ ਦੀ ਫਸਲ ਤਿਆਰ ਹੈ। ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਨਾਲ ਮੀਟਿੰਗ ਵੀ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਕੋਈ ਸਿੱਟਾ ਨਹੀਂ ਕੱਢਿਆ ਗਿਆ।

error: Content is protected !!