ਮੱਖਣ ‘ਚ ਡਿੱਗਿਆ ਸੀ ਚੂਹਾ… ਹਲਵਾਈ ਨੇ ਉਦਾਂ ਹੀ ਦੇਸੀ ਘਿਓ ਬਣਾ ਕੇ ਵੇਚਿਆ

ਮੱਖਣ ‘ਚ ਡਿੱਗਿਆ ਸੀ ਚੂਹਾ… ਹਲਵਾਈ ਨੇ ਉਦਾਂ ਹੀ ਦੇਸੀ ਘਿਓ ਬਣਾ ਕੇ ਵੇਚਿਆ

ਵੀਓਪੀ ਬਿਊਰੋ – ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਸਥਿਤ ਇਕ ਡੇਅਰੀ ਦੇ ਮਾਲਕ ‘ਤੇ ਉਸ ਦੇ ਹੀ ਸਾਬਕਾ ਮੁਲਾਜ਼ਮ ਵੱਲੋਂ ਖਾਣ-ਪੀਣ ਦੀਆਂ ਵਸਤੂਆਂ ‘ਚ ਮਿਲਾਵਟ ਦਾ ਦੋਸ਼ ਲਗਾਇਆ ਗਿਆ ਹੈ। ਡੇਅਰੀ ਵਿਚ ਪਏ ਮੱਖਣ ਦੀ ਬਾਲਟੀ ਵਿਚ ਚੂਹੇ ਦੇ ਡਿੱਗਣ ਦੀ ਵੀਡੀਓ ਜਾਰੀ ਕਰਦਿਆਂ ਉਸ ਨੇ ਖੁਲਾਸਾ ਕੀਤਾ ਹੈ ਕਿ ਡੇਅਰੀ ਮਾਲਕ ਦੇ ਕਹਿਣ ‘ਤੇ ਉਸ ਨੇ ਇਸ ਮੱਖਣ ਤੋਂ ਦੇਸੀ ਘਿਓ ਬਣਾਇਆ ਸੀ, ਜਿਸ ਨੂੰ ਡੇਅਰੀ ਮਾਲਕ ਦੁਕਾਨ ‘ਤੇ ਗਾਹਕਾਂ ਨੂੰ ਵੇਚਦਾ ਸੀ।

ਸਾਬਕਾ ਮੁਲਾਜ਼ਮ ਅਮਨ ਨੇ ਦੱਸਿਆ ਕਿ ਉਹ ਤਾਜਪੁਰ ਰੋਡ ’ਤੇ ਇੱਕ ਡੇਅਰੀ ਵਿੱਚ ਕੰਮ ਕਰਦਾ ਸੀ, ਜਿਸ ਦਾ ਮਾਲਕ ਦੁੱਧ ਵਿੱਚ ਪਾਊਡਰ ਮਿਲਾਉਂਦਾ ਹੈ। ਉਹ ਦੇਸੀ ਘਿਓ ਵਿੱਚ ਡਾਲਡਾ ਮਿਲਾ ਕੇ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਦਾ ਹੈ ਅਤੇ ਗੰਦੀ ਹਾਲਤ ਵਿੱਚ ਵੇਚਦਾ ਹੈ ਅਤੇ ਖਰਾਬ ਹੋਏ ਪਨੀਰ ਨੂੰ ਤਾਜ਼ੇ ਪਨੀਰ ਵਿੱਚ ਮਿਲਾ ਕੇ ਵੇਚਦਾ ਹੈ। ਇਸ ਸਭ ਦੇ ਬਾਵਜੂਦ ਸਿਹਤ ਵਿਭਾਗ ਨੇ ਕਦੇ ਵੀ ਦੁਕਾਨ ’ਤੇ ਛਾਪੇਮਾਰੀ ਨਹੀਂ ਕੀਤੀ।

ਉਸ ਨੇ ਦੱਸਿਆ ਕਿ ਇੱਕ ਦਿਨ ਮੱਖਣ ਦੀ ਬਾਲਟੀ ਵਿੱਚ ਚੂਹਾ ਡਿੱਗ ਗਿਆ ਸੀ ਪਰ ਡੇਅਰੀ ਮਾਲਕ ਨੇ ਮੱਖਣ ਨੂੰ ਸੁੱਟਣ ਦੀ ਬਜਾਏ ਦੇਸੀ ਘਿਓ ਬਣਾ ਕੇ ਵੇਚ ਦਿੱਤਾ। ਅਮਨ ਨੇ ਦਾਅਵਾ ਕੀਤਾ ਕਿ ਉਸ ਨੇ ਡੇਅਰੀ ਮਾਲਕ ਦੇ ਕਹਿਣ ‘ਤੇ ਖੁਦ ਮੱਖਣ ਗਰਮ ਕਰਕੇ ਘਿਓ ਬਣਾਇਆ ਸੀ। ਇਸ ਦਾ ਵਿਰੋਧ ਕਰਨ ‘ਤੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ। ਪਰ ਡੇਅਰੀ ਮਾਲਕ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਉਸ ਨੇ ਸਬੂਤ ਵਜੋਂ ਚੂਹੇ ਦੇ ਮੱਖਣ ਦੀ ਬਾਲਟੀ ਵਿੱਚ ਡਿੱਗਣ ਦੀ ਵੀਡੀਓ ਬਣਾਈ ਸੀ।

ਦੂਜੇ ਪਾਸੇ ਡੇਅਰੀ ਮਾਲਕ ਰਜਤ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੁਕਾਨ ’ਤੇ ਅਮਨ ਨਾਂ ਦਾ ਕੋਈ ਮੁਲਾਜ਼ਮ ਨਹੀਂ ਹੈ ਅਤੇ ਨਾ ਹੀ ਮੱਖਣ ਦੀ ਅਜਿਹੀ ਕੋਈ ਬਾਲਟੀ ਹੈ। ਰਜਤ ਨੇ ਦੱਸਿਆ ਕਿ ਨਸ਼ੇ ਦੇ ਆਦੀ ਕੁਝ ਨੌਜਵਾਨ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ। ਇਸ ਰੰਜਿਸ਼ ਕਾਰਨ ਉਸ ਦੀ ਦੁਕਾਨ ਦਾ ਨਾਂ ਖਰਾਬ ਕਰਨ ਲਈ ਝੂਠੀ ਵੀਡੀਓ ਬਣਾ ਕੇ ਵਾਇਰਲ ਕੀਤੀ ਜਾ ਰਹੀ ਹੈ। ਰਜਤ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਕੁਝ ਦਿਨ ਪਹਿਲਾਂ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕੀਤੀ ਸੀ ਅਤੇ ਇਹ ਮਾਮਲਾ ਉੱਚ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਹੈ।

error: Content is protected !!