ਪਿੰਡ ਦੇ ਹੀ ਮੁੰਡੇ ਨਾਲ ਪ੍ਰੇਮ ਵਿਆਹ ਕਰਾਉਣ ‘ਤੇ ਭੈਣ ਨੂੰ ਮਾਰਨ ਲਈ ਯੂਟਿਊਬ ਉਤੇ ਦੇਖ ਬਣਾਇਆ ਸੀ ਜ਼ਹਿਰੀਲਾ ਟੀਕਾ

ਪਿੰਡ ਦੇ ਹੀ ਮੁੰਡੇ ਨਾਲ ਪ੍ਰੇਮ ਵਿਆਹ ਕਰਾਉਣ ‘ਤੇ ਭੈਣ ਨੂੰ ਮਾਰਨ ਲਈ ਯੂਟਿਊਬ ਉਤੇ ਦੇਖ ਬਣਾਇਆ ਸੀ ਜ਼ਹਿਰੀਲਾ ਟੀਕਾ

ਵੀਓਪੀ ਬਿਊਰੋ, ਚੰਡੀਗੜ੍ਹ : ਪਿੰਡ ਦੇ ਮੁੰਡੇ ਨਾਲ ਹੀ ਪ੍ਰੇਮ ਵਿਆਹ ਕਰਵਾਉਣ ਵਾਲੀ ਭੈਣ ਨੂੰ ਭਰਾ ਨੇ ਜ਼ਹਿਰੀਲਾ ਟੀਕਾ ਲਗਵਾ ਦਿੱਤਾ ਸੀ। ਪੀਜੀਆਈ ਦੇ ਗਾਇਨੀ ਵਾਰਡ ‘ਚ ਦਾਖ਼ਲ ਭੈਣ ਨੂੰ ਟੀਕਾ ਲਾਉਣ ਲਈ ਮੁਲਜ਼ਮ ਮਨਦੀਪ ਸਿੰਘ ਨੇ ਯੂ-ਟਿਊਬ ’ਤੇ ਦੇਖ ਕੇ ਜ਼ਹਿਰੀਲਾ ਟੀਕਾ ਤਿਆਰ ਕੀਤਾ ਸੀ। ਮੁਲਜ਼ਮ ਨੇ ਯੂ-ਟਿਊਬ ਦੇਖ ਕੇ 5-5 ਐੱਮ. ਐੱਲ. ਦੇ ਦੋ ਟੀਕੇ ਤਿਆਰ ਕੀਤੇ ਸਨ। ਟੀਕੇ ਵਿਚ ਨੀਂਦ ਦੀਆਂ ਪੰਜ ਗੋਲੀਆਂ, ਕਾਕਰੋਚ ਕਿਲਰ ਅਤੇ ਸੈਨੀਟਾਈਜ਼ਰ ਮਿਲਾਇਆ ਗਿਆ ਸੀ।

ਇਸ ਤੋਂ ਬਾਅਦ ਦੋ ਟੀਕੇ ਤਿਆਰ ਕਰ ਕੇ ਹਸਪਤਾਲ ‘ਚ ਦਾਖ਼ਲ ਹਰਮੀਤ ਕੌਰ ਨੂੰ ਲਾਉਣ ਲਈ ਦਿੱਤੇ ਸਨ। ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ। ਸੈਕਟਰ-11 ਥਾਣਾ ਪੁਲਿਸ ਨੇ ਮੁਲਜ਼ਮ ਜਸਮੀਤ ਸਿੰਘ, ਬੂਟਾ ਸਿੰਘ (ਮਾਮੇ ਦਾ ਜਵਾਈ) ਤੇ ਮਨਦੀਪ ਸਿੰਘ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਤੋਂ ਆਹਮੋ-ਸਾਹਮਣੇ ਪੁੱਛ-ਪੜਤਾਲ ਕੀਤੀ ਅਤੇ ਕਤਲ ਲਈ ਦਿੱਤੇ ਪੈਸੇ ਦੀ ਵਸੂਲੀ ਲਈ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਉੱਥੇ ਹੀ ਹਰਮੀਤ ਕੌਰ ਦੇ ਪੁੱਤਰ ਦੀ ਸਿਹਤ ਵਿਗੜ ਗਈ ਸੀ ਅਤੇ ਉਸ ਨੂੰ ਰਾਜਪੁਰਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪੀ. ਜੀ. ਆਈ. ਵਿਚ ਦਾਖ਼ਲ ਹਰਮੀਤ ਕੌਰ ਨੇ ਪਿੰਡ ਦੇ ਹੀ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਅੰਤਰਜਾਤੀ ਵਿਆਹ ਕਰਵਾਇਆ ਸੀ।


ਇਸ ਕਾਰਨ ਰਾਜਪੁਰਾ ਦੇ ਪਿੰਡ ਪੀਹੜ ਖੁਰਦ ਦੇ ਰਹਿਣ ਵਾਲੇ ਹਰਮੀਤ ਦੇ ਭਰਾ ਜਸਮੀਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਕਾਫ਼ੀ ਬੇਇੱਜ਼ਤੀ ਹੋ ਗਈ ਸੀ। ਕੁੱਝ ਦਿਨ ਪਹਿਲਾਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਅਤੇ ਕਿਡਨੀ ਦੀ ਸਮੱਸਿਆ ਕਾਰਨ ਉਸ ਨੂੰ ਪੀ. ਜੀ. ਆਈ. ‘ਚ ਦਾਖ਼ਲ ਕਰਵਾਇਆ ਗਿਆ ਹੈ। ਜਸਮੀਤ ਨੇ ਬੂਟਾ ਸਿੰਘ ਨਾਲ ਮਿਲ ਕੇ ਆਪਣੀ ਭੈਣ ਦੇ ਕਤਲ ਦੀ ਸਾਜਿਸ਼ ਰਚੀ। ਉਸ ਨੇ ਬੂਟਾ ਸਿੰਘ ਨਾਲ 10 ਲੱਖ ਰੁਪਏ ਵਿਚ ਸੌਦਾ ਕੀਤਾ ਸੀ। ਬੂਟਾ ਸਿੰਘ ਨੇ ਨਿੱਜੀ ਹਸਪਤਾਲ ਵਿਚ ਆਯੂਸ਼ਮਾਨ ਕਾਰਡ ਬਣਾਉਣ ਵਾਲੇ ਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹ ਮੰਨ ਗਿਆ। ਜਸਮੀਤ ਸਿੰਘ ਨੇ ਬੂਟਾ ਸਿੰਘ ਨੂੰ 50 ਹਜ਼ਾਰ ਰੁਪਏ ਦਿੱਤੇ। ਬੂਟਾ ਸਿੰਘ ਨੇ ਮਨਦੀਪ ਸਿੰਘ ਨੂੰ 50 ਹਜ਼ਾਰ ਰੁਪਏ ਦਿੱਤੇ ਅਤੇ ਬਾਕੀ ਕੰਮ ਹੋਣ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ। ਮਨਦੀਪ ਸਿੰਘ ਨੇ ਇਲਾਜ ਦੌਰਾਨ ਹਰਮੀਤ ਕੌਰ ਨੂੰ ਮਾਰਨ ਲਈ ਜ਼ਹਿਰੀਲਾ ਟੀਕਾ ਲਾਉਣ ਦੀ ਯੋਜਨਾ ਬਣਾਈ। ਟੀਕਾ ਲਾਉਣ ਲਈ ਕੇਅਰ ਟੇਕਰ ਦੀ ਭਾਲ ਕੀਤੀ। ਟੀਕਾ ਲਵਾਉਣ ਲਈ ਮਨਦੀਪ ਨੇ ਜਸਪ੍ਰੀਤ ਕੌਰ ਨਾਲ ਸੰਪਰਕ ਕੀਤਾ। ਮਨਦੀਪ ਸਿੰਘ ਨੇ ਉਸ ਨੂੰ ਪੀ. ਜੀ. ਆਈ. ਵਿਚ ਦਾਖ਼ਲ ਹਰਮੀਤ ਨੂੰ ਟੀਕਾ ਲਾਉਣ ਅਤੇ ਇਕ ਰਾਤ ਦੀ ਦੇਖਭਾਲ ਲਈ ਤਿੰਨ ਹਜ਼ਾਰ ਰੁਪਏ ਦਿੱਤੇ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਨਿੱਤ ਨਵੇਂ ਭੇਤ ਖੁੱਲ੍ਹ ਰਹੇ ਹਨ।

error: Content is protected !!