ਸਾਬਕਾ ਭਾਰਤੀ ਕ੍ਰਿਕਟਰ ਸ਼੍ਰੀਸੰਥ ਮੁੜ ਵਿਵਾਦਾਂ ਵਿਚ, ਪੁਲਿਸ ਨੇ ਕੇਸ ਕੀਤਾ ਦਰਜ

ਸਾਬਕਾ ਭਾਰਤੀ ਕ੍ਰਿਕਟਰ ਸ਼੍ਰੀਸੰਥ ਮੁੜ ਵਿਵਾਦਾਂ ਵਿਚ, ਪੁਲਿਸ ਨੇ ਕੇਸ ਕੀਤਾ ਦਰਜ


ਵੀਓਪੀ ਬਿਊਰੋ, ਨੈਸ਼ਨਲ-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਐੱਸ. ਸ਼੍ਰੀਸੰਥ ਮੁੜ ਵਿਵਾਦਾਂ ਵਿਚ ਘਿਰ ਗਏ ਹਨ। ਉਸ ਤੇ ਉਸ ਦੇ ਦੋ ਸਾਥੀਆਂ ਦੇ ਖਿਲਾਫ਼ ਉੱਤਰੀ ਕੇਰਲ ਦੇ ਇਕ ਜ਼ਿਲ੍ਹੇ ਵਿਚ ਪੁਲਿਸ ਨੇ ਧੋਖਾਦੇਹੀ ਦੀ ਸ਼ਿਕਾਇਤ ਦਰਜ ਕੀਤੀ ਹੈ। ਕੰਨੂਰ ਜ਼ਿਲੇ ਦੇ ਚੁੰਡਾ ਨਿਵਾਸੀ ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਰਾਜੀਵ ਕੁਮਾਰ ਅਤੇ ਵੈਂਕਟੇਸ਼ ਕਿਨੀ ਨੇ ਕਰਨਾਟਕ ਦੇ ਕੋਲੂਰ ’ਚ ਖੇਡ ਅਕਾਦਮੀ ਖੋਲ੍ਹਣ ਦੇ ਬਹਾਨੇ ਉਨ੍ਹਾਂ ਨਾਲ 25 ਅਪ੍ਰੈਲ 2019 ਤੋਂ ਵੱਖ-ਵੱਖ ਤਰੀਕਾਂ ਨੂੰ ਕੁੱਲ 18.70 ਲੱਖ ਰੁਪਏ ਵਸੂਲ ਲਏ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਪ੍ਰਾਜੈਕਟ ਵਿਚ ਸ਼੍ਰੀਸੰਥ ਦੀ ਵੀ ਭਾਈਵਾਲੀ ਹੈ।


ਪਾਲਨ ਨੇ ਸ਼ਿਕਾਇਤ ’ਚ ਕਿਹਾ ਹੈ ਕਿ ਅਕੈਡਮੀ ’ਚ ਭਾਈਵਾਲ ਬਣਨ ਦਾ ਮੌਕਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਪੈਸੇ ਨਿਵੇਸ਼ ਕੀਤੇ। ਇਸ ਮਾਮਲੇ ’ਚ ਸ਼੍ਰੀਸੰਥ ਅਤੇ 2 ਹੋਰਾਂ ਦੇ ਖਿਲਾਫ਼ ਇੰਡੀਅਨ ਪੀਨਲ ਕੋਡ ਦੀ ਧਾਰਾ 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ’ਚ ਸ਼੍ਰੀਸੰਥ ਨੂੰ ਤੀਜਾ ਦੋਸ਼ੀ ਬਣਾਇਆ ਗਿਆ ਹੈ।
2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਸ਼੍ਰੀਸੰਥ ਦਾ ਵਿਵਾਦਾਂ ਨਾਲ ਲੰਬਾ ਸਬੰਧ ਰਿਹਾ ਹੈ। ਆਈ.ਪੀ.ਐੱਲ. ਦੇ ਪਹਿਲੇ ਐਡੀਸ਼ਨ ਭਾਵ ਸਾਲ 2008 ਵਿਚ ਇਕ ਮੈਚ ਤੋਂ ਬਾਅਦ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਸੀ।

ਸਾਲ 2013 ’ਚ ਆਈ.ਪੀ.ਐੱਲ. ਦੌਰਾਨ ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ ਉਸ ’ਤੇ ਸਪਾਟ ਫਿਕਸਿੰਗ ਦਾ ਦੋਸ਼ ਲੱਗਾ ਸੀ, ਜਿਸ ਤੋਂ ਬਾਅਦ ਸ਼੍ਰੀਸੰਥ ਅਤੇ ਉਸ ਦੇ ਦੋ ਹੋਰ ਸਾਥੀ ਕ੍ਰਿਕਟਰਾਂ ਅਜੀਤ ਚੰਦੀਲਾ ਅਤੇ ਅੰਕਿਤ ਚਵਾਨ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਸੀ। ਬੀਸੀਸੀਆਈ ਦੀ ਜਾਂਚ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਤਿੰਨਾਂ ’ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ, ਬੀ.ਸੀ.ਸੀ.ਆਈ. ਨੇ ਬਾਅਦ ਵਿਚ ਸ਼੍ਰੀਸੰਥ ਦੀ ਪਾਬੰਦੀ ਨੂੰ ਘਟਾ ਕੇ 7 ਸਾਲ ਕਰ ਦਿੱਤਾ। ਪਾਬੰਦੀ ਹਟਾਏ ਜਾਣ ਤੋਂ ਬਾਅਦ ਉਹ ਘਰੇਲੂ ਕ੍ਰਿਕਟ ਵਿਚ ਕੇਰਲ ਲਈ ਖੇਡਣਾ ਸ਼ੁਰੂ ਕੀਤਾ, ਪਰ ਟੀਮ ਇੰਡੀਆ ’ਚ ਵਾਪਸੀ ਨਹੀਂ ਕਰ ਸਕਿਆ। ਹੁਣ ਇਕ ਹੋਰ ਵਿਵਾਦ ਉਸ ਦੇ ਨਾਂ ਨਾਲ ਜੁੜ ਗਿਆ ਹੈ।

error: Content is protected !!