ਗੁਰਪੁਰਬ ਮੌਕੇ ਗੁਰੂ ਘਰ ਸੰਗਤਾਂ ਦਾ ਆਇਆ ਹੜ੍ਹ, ਬਾਰਿਸ਼ ਨੇ ਪਵਿੱਤਰ ਦਿਨ ਨੂੰ ਕੀਤਾ ਪ੍ਰਦੂਸ਼ਣ ਮੁਕਤ

ਗੁਰਪੁਰਬ ਮੌਕੇ ਗੁਰੂ ਘਰ ਸੰਗਤਾਂ ਦਾ ਆਇਆ ਹੜ੍ਹ, ਬਾਰਿਸ਼ ਨੇ ਪਵਿੱਤਰ ਦਿਨ ਨੂੰ ਕੀਤਾ ਪ੍ਰਦੂਸ਼ਣ ਮੁਕਤ

ਵੀਓਪੀ ਬਿਊਰੋ – ਮਾਨਵਤਾ ਦੇ ਸਿਰਤਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਸੰਗਤਾਂ ਨੇ ਮੱਥਾ ਟੇਕ ਕੇ ਗੁਰੂਘਰ ਦੇ ਨਤਮਸਤਕ ਹੋਏ। ਰੁਕ-ਰੁਕ ਕੇ ਪੈ ਰਹੀ ਬਾਰਿਸ਼ ਦੌਰਾਨ ਸੁਲਤਾਨਪੁਰ ਲੋਧੀ ਪੁੱਜੀ ਸੰਗਤ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ। ਮੌਸਮ ਦੇ ਬਦਲਦੇ ਮਿਜਾਜ਼ ‘ਤੇ ਸੰਗਤਾਂ ਦਾ ਵਿਸ਼ਵਾਸ ਕਾਇਮ ਰਿਹਾ। ਪ੍ਰਕਾਸ਼ ਪੂਰਬ ਮੌਕੇ ਪੰਜਾਬ ਦਿੱਲੀ ਤੇ ਨੇੜਲੇ ਇਲਾਕਿਆਂ ‘ਚ ਹੋਈ ਬਾਰਿਸ਼ ਨੇ ਪ੍ਰਦੂਸ਼ਣ ਤੋਂ ਵੀ ਰਾਹਤ ਦਿੱਤੀ।

ਸੋਮਵਾਰ ਨੂੰ ਵੱਡੀ ਗਿਣਤੀ ਵਿਚ ਸੰਗਤਾਂ ਅੰਮ੍ਰਿਤ ਵੇਲਾ ਤੋਂ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ ਅਤੇ ਗੁਰਦੁਆਰਾ ਸਾਹਿਬ ਦੀ ਝੀਲ ਵਿਚ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕੀਰਤਨ ਸਰਵਣ ਕੀਤਾ ਅਤੇ ਫਿਰ ਗੁਰੂ ਜੀ ਵੱਲੋਂ ਲਗਾਈ ਬੇਰੀ ਸਾਹਿਬ ਅਤੇ ਭੌਰਾ ਸਾਹਿਬ ਦੇ ਦਰਸ਼ਨ ਕੀਤੇ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।

ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦੇ ਯੋਗ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਐਤਵਾਰ ਰਾਤ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਦੁਆਰਾ ਨਿਹਾਲ ਕੀਤਾ |

ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ। ਭਾਈ ਹਰਜੀਤ ਸਿੰਘ ਪ੍ਰਚਾਰਕ ਅਤੇ ਕਥਾਵਾਚਕ ਭਾਈ ਕਰਨਜੀਤ ਸਿੰਘ ਆਹਲੀ ਨੇ ਕਥਾਵਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਸ਼ਾਮ ਨੂੰ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਸੁੰਦਰ ਦੀਵੇ ਜਗਾਏ ਅਤੇ ਦੇਰ ਰਾਤ ਤੱਕ ਆਤਿਸ਼ਬਾਜ਼ੀ ਕੀਤੀ ਗਈ। ਆਤਿਸ਼ਬਾਜ਼ੀ ਦੇਖਣ ਲਈ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਸੰਗਤਾਂ ਦੀ ਭੀੜ ਇਕੱਠੀ ਹੋ ਗਈ।

error: Content is protected !!