ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ, ਪ੍ਰਤਾਪ ਬਾਜਵਾ ਨੇ ਉਠਾਏ ਮੁੱਦੇ, ਡਾ. ਬਲਬੀਰ ਸਿੰਘ ਨੇ ਦਿੱਤੇ ਠੋਕਵੇਂ ਜਵਾਬ, ਕਾਂਗਰਸੀ ਆਗੂ ਨਾਅਰੇਬਾਜ਼ੀ ਕਰਦੇ ਕਰ ਗਏ ਵਾਕਆਊਟ

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ, ਪ੍ਰਤਾਪ ਬਾਜਵਾ ਨੇ ਉਠਾਏ ਮੁੱਦੇ, ਡਾ. ਬਲਬੀਰ ਸਿੰਘ ਨੇ ਦਿੱਤੇ ਠੋਕਵੇਂ ਜਵਾਬ, ਕਾਂਗਰਸੀ ਆਗੂ ਨਾਅਰੇਬਾਜ਼ੀ ਕਰਦੇ ਕਰ ਗਏ ਵਾਕਆਊਟ

ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਤੇ ਆਖਰੀ ਦਿਨ ਹੰਗਾਮਾ ਜਾਰੀ ਰਿਹਾ। ਇਹ ਹੰਗਾਮਾ ਕਾਨੂੰਨ ਵਿਵਸਥਾ ਨੂੰ ਲੈ ਕੇ ਹੋਇਆ। ਹੰਗਾਮੇ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਾਂਗਰਸੀ ਆਗੂ ਵਾਕਆਊਟ ਕਰ ਗਏ। ਦਰਅਸਲ, ਮਤਾ ਪੇਸ਼ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਦੇ ਉਠਾਉਣ ਲਈ ਹੋਰ ਸਮਾਂ ਮੰਗਿਆ। ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਮੁੱਦੇ ਉਠਾਏ ਗਏ ਹਨ ਤਾਂ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ। ਬਾਜਵਾ ਨੇ ਕਿਹਾ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਗੰਭੀਰ ਹੈ ਤੇ ਨਸ਼ਿਆਂ ‘ਤੇ ਵੀ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ। ਇਜਲਾਸ ਸਿਰਫ਼ ਦੋ ਦਿਨਾਂ ਲਈ ਸੱਦਣਾ ਠੀਕ ਨਹੀਂ ਹੈ। ਇਸ ਤਰ੍ਹਾਂ ਤਾਂ ਪੰਜਾਬ ਦੇ ਮੁੱਦੇ ਸਹੀ ਢੰਗ ਨਾਲ ਨਹੀਂ ਉਠਾਏ ਹੀ ਨਹੀਂ ਜਾ ਸਕਦੇ। ਕਾਂਗਰਸੀ ਵਿਧਾਇਕ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ। ਉਨ੍ਹਾਂ ਦੇ ਨਾਲ ਕਈ ਕਾਂਗਰਸੀ ਆਗੂ ਵੀ ਸਦਨ ਛੱਡ ਕੇ ਚਲੇ ਗਏ। ਇਸ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਦੂਜੇ ਦਿਨ ਸਦਨ ਵਿਚ ਚਾਰ ਬਿੱਲ ਪਾਸ ਕੀਤੇ ਗਏ, ਇਸ ਦੌਰਾਨ ਟਰਾਂਸਫਰ ਆਫ਼ ਪ੍ਰਾਪਰਟੀ ਪੰਜਾਬ ਸੋਧ ਬਿੱਲ, ਰਜਿਸਟਰੇਸ਼ਨ ਪੰਜਾਬ ਸੋਧ ਬਿੱਲ, ਇੰਡੀਅਨ ਸਟੈਂਪ ਪੰਜਾਬ ਸੋਧ ਬਿੱਲ ਅਤੇ ਪੰਜਾਬ ਕੈਨਾਲ ਅਤੇ ਡਰੇਨੇਜ਼ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਮੁਹੱਲਾ ਕਲੀਨਿਕਾਂ ਦਾ ਮੁੱਦਾ
ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਮੁੜ ਪਹਿਲੇ ਦਿਨ ਵਾਲਾ ਸਵਾਲ ਚੁੱਕਿਆ ਗਿਆ ਕਿ ਪੂਰੇ ਪੰਜਾਬ ‘ਚ ਖੋਲ੍ਹੇ ਗਏ 600 ਮੁਹੱਲਾ ਕਲੀਨਿਕਾਂ ‘ਚੋਂ ਉਨ੍ਹਾਂ ਦੇ ਹਲਕੇ ਗੁਰਦਾਸਪੁਰ ‘ਚ ਕੋਈ ਮੁਹੱਲਾ ਕਲੀਨਿਕ ਨਹੀਂ ਖੁੱਲ੍ਹਿਆ ਅਤੇ ਨਾ ਹੀ ਕੋਈ ਮੈਡੀਕਲ ਕਾਲਜ ਹੈ। ਇਸ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਥੇ ਤਕ ਮੁਹੱਲਾ ਕਲੀਨਿਕਾਂ ਦੀ ਗੱਲ ਹੈ ਤਾਂ ਗੁਰਦਾਸਪੁਰ ਜ਼ਿਲ੍ਹੇ ‘ਚ 4 ਆਮ ਆਦਮੀ ਕਲੀਨਿਕ ਪਹਿਲਾਂ ਹੀ ਚੱਲ ਰਹੇ ਹਨ। ਇਸ ਤੋਂ ਇਲਾਵਾ 2 ਹੋਰ ਨਵੇਂ ਮੁਹੱਲਾ ਕਲੀਨਿਕ ਤਿਆਰ ਹੋ ਚੁੱਕੇ ਹਨ ਅਤੇ 3 ਪਾਈਪਲਾਈਨ ‘ਚ ਹਨ। ਇਸ ਮਗਰੋਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ‘ਚ ਕੋਈ ਵੀ ਮੈਡੀਕਲ ਸਹੂਲਤ ਨਹੀਂ ਹੈ ਅਤੇ ਲੋਕਾਂ ਨੂੰ ਅਕਸਰ ਅੰਮ੍ਰਿਤਸਰ ਜਾਂ ਜਲੰਧਰ ਵਿਖੇ ਰੈਫ਼ਰ ਕਰ ਦਿਤਾ ਜਾਂਦਾ ਹੈ। ਇਸ ਦਾ ਜਵਾਬ ਦਿੰਦਿਆਂ ਬਲਬੀਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ‘ਚ ਵੀ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

ਮੈਨੂੰ ਲਗਦੈ ਪ੍ਰਤਾਪ ਬਾਜਵਾ ਆਪਣੇ ਹਲਕੇ ਵਿਚ ਜਾਂਦੇ ਹੀ ਨਹੀਂ : ਡਾ. ਬਲਬੀਰ ਸਿੰਘ
ਡਾ. ਬਲਬੀਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੀ ਜ਼ਿਆਦਾਤਰ ਚੰਡੀਗੜ੍ਹ ਰਹਿੰਦੇ ਹਨ ਅਤੇ ਆਪਣੇ ਹਲਕੇ ‘ਚ ਜਾਂਦੇ ਹੀ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਅਪਣੇ ਹਲਕੇ ‘ਚ ਖੁੱਲ੍ਹੇ ਮੁਹੱਲਾ ਕਲੀਨਿਕਾਂ ਦਾ ਅਜੇ ਤਕ ਪਤਾ ਹੀ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਮੇਰੇ ਨਾਲ ਚੱਲੋ ਅਤੇ ਮੈਨੂੰ ਦਿਖਾਓ ਕਿ ਕਿਥੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਸਿਹਤ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਉਹ ਉਨ੍ਹਾਂ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ‘ਚ ਜਾਣਗੇ ਅਤੇ ਖ਼ੁਦ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਲੈ ਕੇ ਜਾਣਗੇ। ਸਰਦ ਰੁੱਤ ਇਜਲਾਸ ਦੌਰਾਨ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਚਿੰਤਾ ਪ੍ਰਗਟਾਈ। ਵਿਧਾਇਕ ਸੁੱਖੀ ਨੇ ਕਿਹਾ ਕਿ ਕਰੀਬ 7 ਮਹੀਨੇ ਪਹਿਲਾਂ ਪੰਜਾਬ ਦੀ ਜੇਲ ਤੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪ੍ਰਸਾਰਿਤ ਹੋਇਆ ਸੀ ਪਰ ਅੱਜ ਤਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਇੰਟਰਵਿਊ ਕਿਥੇ ਹੋਇਆ ਸੀ। ਸਦਨ ਦੇ ਪਹਿਲੇ ਦਿਨ ਪੰਜਾਬ ਸਰਕਾਰ ਨੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ 2023 ਅਤੇ ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2023 ਨੂੰ ਪਾਸ ਕਰ ਦਿਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪਿਛਲੇ ਮਹੀਨੇ ਸੱਦੇ ਗਏ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦਿਤੇ ਜਾਣ ਤੋਂ ਬਾਅਦ ਇਹ ਬਿੱਲ ਪੇਸ਼ ਨਹੀਂ ਹੋ ਸਕੇ ਸਨ।

ਅਕਾਲੀ ਵਿਧਾਇਕ ਦੇ ਸਵਾਲ ਦਾ ਮੰਤਰੀ ਹਰਜੋਤ ਬੈਂਸ ਨੇ ਦਿੱਤਾ ਠੋਕਵਾਂ ਜਵਾਬ
ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸਵਾਲ ਕੀਤਾ ਕਿ ਸ਼ਹੀਦ ਭਗਤ ਸਿੰਘ ਨਗਰ ‘ਚ 3 ਸਕੂਲਾਂ ‘ਚ ਅਧਿਆਪਕ ਹੀ ਨਹੀਂ ਹਨ। ਉਨ੍ਹਾਂ ਪੁੱਛਿਆ ਕਿ ਜੇਕਰ ਕੋਈ ਬੱਚਾ ਕਿਸੇ ਚੰਗੇ ਸਕੂਲ ‘ਚ ਜਾਣਾ ਚਾਹੁੰਦਾ ਹੈ ਤਾਂ ਉਸ ਲਈ ਕੀ ਬਜਟ ਰੱਖਿਆ ਗਿਆ ਹੈ। ਹਰਜੋਤ ਸਿੰਘ ਬੈਂਸ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਮਾਰਚ, 2022 ਤੋਂ ਪਹਿਲਾਂ ਪੰਜਾਬ ਦੇ 20 ਹਜ਼ਾਰ ਸਕੂਲਾਂ ‘ਚੋਂ 3500 ਸਕੂਲਾਂ ‘ਚ ਅਧਿਆਪਕ ਹੀ ਨਹੀਂ ਸਨ ਜਾਂ ਸਿੰਗਲ ਅਧਿਆਪਕ ਸਨ, ਅੱਜ ਇਨ੍ਹਾਂ ਦੀ ਗਿਣਤੀ 600 ਤੋਂ ਘੱਟ ਰਹਿ ਗਈ ਹੈ ਅਤੇ ਮਾਰਚ, 2024 ਤਕ ਪੰਜਾਬ ਪੂਰੇ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿਥੇ ਕੋਈ ਵੀ ਸਕੂਲ ਅਧਿਆਪਕ ਤੋਂ ਬਿਨਾਂ ਜਾਂ ਸਿੰਗਲ ਟੀਚਰ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਖੱਟਕੜ ਕਲਾਂ ਸਕੂਲ ਦਾ ਨਾਂ ਬਦਲ ਕੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸੁੱਖੀ ਦਾ ਸਕੂਲ ਬੰਗਾ ਵਿਖੇ ਹੈ, ਜੋ ਕਿ 1920 ‘ਚ ਬਣਿਆ ਸੀ ਅਤੇ ਕਰੋੜਾਂ ਰੁਪਿਆ ਖ਼ਰਚ ਕੇ ਬੰਗਾ ਦੇ ਸਕੂਲ ਆਫ ਐਮੀਨੈਂਸ ਨੂੰ ਸ਼ਾਨਦਾਰ ਬਣਾ ਰਹੇ ਹਾਂ। ਉਨ੍ਹਾਂ ਦਸਿਆ ਕਿ ਇਸ ਦੌਰਾਨ ਸਾਰੇ 20,000 ਸਰਕਾਰੀ ਸਕੂਲਾਂ ਨੂੰ ਵਾਈ-ਫਾਈ ਨਾਲ ਜੋੜਿਆ ਜਾਵੇਗਾ। ਇੰਨਾ ਹੀ ਨਹੀਂ ਹੁਣ ਤਕ 4000 ਸਕੂਲਾਂ ‘ਚ ਵਾਈਫਾਈ ਲਗਾਇਆ ਜਾ ਚੁੱਕਿਆ ਹੈ ਅਤੇ 8000 ਸਕੂਲਾਂ ‘ਚ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ ਹੈ। ਪੰਜਾਬ ਦੇ ਸਕੂਲਾਂ ਵਿਚ ਸੁਰੱਖਿਆ ਗਾਰਡ ਵੀ ਰੱਖੇ ਗਏ ਹਨ।

error: Content is protected !!