ਨੌਵੀਂ ਜਮਾਤ ਦੇ ਵਿਦਿਆਰਥੀ ਨੇ ਰਾਡ ਮਾਰ ਕੇ ਪਾੜਿਆ ਹੈਡ ਮਾਸਟਰ ਦਾ ਸਿਰ, ਇਸ ਗੱਲੋਂ ਕੀਤਾ ਹਮਲਾ

ਨੌਵੀਂ ਜਮਾਤ ਦੇ ਵਿਦਿਆਰਥੀ ਨੇ ਰਾਡ ਮਾਰ ਕੇ ਪਾੜਿਆ ਹੈਡ ਮਾਸਟਰ ਦਾ ਸਿਰ, ਇਸ ਗੱਲੋਂ ਕੀਤਾ ਹਮਲਾ


ਵੀਓਪੀ ਬਿਊਰੋ, ਚੰਡੀਗੜ੍ਹ-ਸਰਕਾਰੀ ਹਾਈ ਸਕੂਲ ਦੇ 50 ਸਾਲਾ ਹੈੱਡ ਮਾਸਟਰ ਉਤੇ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਹਮਲਾ ਕਰ ਦਿੱਤਾ। ਵਿਦਿਆਰਥੀ ਵੱਲੋਂ ਸਿਰ ਉਤੇ ਰਾਡ ਨਾਲ ਹਮਲਾ ਕੀਤਾ ਗਿਆ। ਇਹ ਵਾਰਦਾਤ ਚੰਡੀਗੜ੍ਹ ਦੇ ਸੈਕਟਰ 19 ਦੇ ਸਰਕਾਰੀ ਹਾਈ ਸਕੂਲ ਦੀ ਦੱਸੀ ਜਾ ਰਹੀ ਹੈ। ਖੂਨ ਨਾਲ ਲੱਥਪੱਥ ਹਾਲਤ ‘ਚ ਹੈੱਡ ਮਾਸਟਰ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।


ਜਾਣਕਾਰੀ ਮੁਤਾਬਕ ਹੈੱਡ ਮਾਸਟਰ ਇਸ ਵਿਦਿਆਰਥੀ ਨੂੰ ਅਨੁਸ਼ਾਸਨ ‘ਚ ਰਹਿਣ ਲਈ ਕਹਿ ਰਹੇ ਸੀ ਪਰ ਉਸ ਨੇ ਗੁੱਸੇ ‘ਚ ਆ ਕੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਸੈਕਟਰ 19 ਵਿੱਚ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਚਕਾਰ ਇੱਕ ਅੰਦਰੂਨੀ ਗੇਟ ਹੈ। ਸਕੂਲ ਦਾ ਹੈੱਡ ਮਾਸਟਰ ਜਦੋਂ ਇਸ ਗੇਟ ਦੇ ਬਾਹਰ ਕੁਰਸੀ ਉਤੇ ਬੈਠੇ ਸੀ ਤਾਂ ਸਕੂਲ ਤੋਂ ਆ ਰਹੇ ਇਕ ਵਿਦਿਆਰਥੀ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਹੈੱਡਮਾਸਟਰ ਦੇ ਸਿਰ ਉਤੇ ਛੇ ਟਾਂਕੇ ਲੱਗੇ ਹਨ। ਸੈਕਟਰ 19 ਥਾਣੇ ਦੀ ਪੁਲਿਸ ਨੇ ਹਮਲਾਵਰ ਨੂੰ ਫੜ ਲਿਆ ਹੈ ਅਤੇ ਉਸ ਕੋਲੋਂ ਸੈਕਟਰ 19 ਥਾਣੇ ਵਿੱਚ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ।


ਹਮਲਾਵਰ ਨੇ ਹੈੱਡ ਮਾਸਟਰ ਉਤੇ ਤਿੰਨ ਵਾਰ ਰਾਡ ਨਾਲ ਹਮਲਾ ਕੀਤਾ। ਜ਼ਖ਼ਮੀ ਹੈੱਡ ਮਾਸਟਰ ਦਾ ਲੜਕਾ ਆਈਟੀ ਪਾਰਕ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ ਜਦੋਂਕਿ ਉਸ ਦੀ ਪਤਨੀ ਸੈਕਟਰ 21 ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕਾ ਹੈ। ਘਟਨਾ ਤੋਂ ਬਾਅਦ ਸੈਕਟਰ 16 ਦੇ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਇਕੱਠੇ ਹੋ ਗਏ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਸੁਰੱਖਿਆ ਨੂੰ ਲੈ ਕੇ ਗੁੱਸਾ ਵੀ ਦੇਖਣ ਨੂੰ ਮਿਲਿਆ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਤੇ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਅਧਿਆਪਕ ਹੜਤਾਲ ਕਰਨਗੇ।

error: Content is protected !!