ਕਿਸਾਨ ਮੁੜ ਹਾਈਵੇ ਕਰਨਗੇ ਜਾਮ !

ਕਿਸਾਨ ਮੁੜ ਹਾਈਵੇ ਕਰਨਗੇ ਜਾਮ !


ਵੀਓਪੀ ਬਿਊਰੋ, ਜਲੰਧਰ : ਗੰਨਾ ਉਤਪਾਦਕਾਂ ਨੇ ਮੁੜ ਹਾਈਵੇ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਗੰਨੇ ਦੇ ਖਰੀਦ ਮੁੱਲ ‘ਚ 11 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦੇ ਦਿੱਤੇ ਸ਼ਗਨ ਨੂੰ ਸਵੀਕਾਰ ਨਹੀਂ ਕੀਤਾ ਹੈ। ਮੁਕੇਰੀਆਂ ਸਮੇਤ ਕਈ ਥਾਵਾਂ ‘ਤੇ ਨਾਰਾਜ਼ ਕਿਸਾਨ ਸੜਕਾਂ ‘ਤੇ ਉਤਰ ਆਏ ਹਨ।


ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਬੀਰ ਚੌਹਾਨ ਨੇ ਕਿਹਾ ਕਿ ਗੰਨੇ ਦੀ ਕੀਮਤ ‘ਚ ਵਾਧੇ ਸਬੰਧੀ ਸਿਰਫ਼ ਐਕਸ ‘ਤੇ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਬਾਰੇ ਕੋਈ ਨੋਟੀਫਿਕੇਸ਼ਨ ਵੀ ਨਹੀਂ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਨਿਚਰਵਾਰ ਨੂੰ ਗੰਨੇ ਦਾ ਸਮਰਥਨ ਮੁੱਲ 400 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਨਾ ਚਾਹੀਦਾ ਹੈ। ਗੰਨਾ ਕਾਸ਼ਤਕਾਰਾਂ ਨੇ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸਾਂ ਦੀ ਸਖ਼ਤ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜਿਸ ਦਿਨ ਇਨ੍ਹਾਂ ਕੇਸਾਂ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਫਿਰ ਉਸ ਦਾ ਜਵਾਬ ਦਿੱਤਾ ਜਾਵੇਗਾ।


ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਮੁੱਖ ਮੰਤਰੀ ਤੋਂ ਗੰਨੇ ਦੀ ਕੀਮਤ ‘ਚ 70 ਰੁਪਏ ਦੇ ਵਾਧੇ ਦੀ ਮੰਗ ਕੀਤੀ ਸੀ ਪਰ ਉਨ੍ਹਾਂ 11 ਰੁਪਏ ਵਧਾ ਕੇ ਇਸ ਨੂੰ ਸ਼ਗਨ ਦੱਸਿਆ। ਦਰਅਸਲ ਕਿਸਾਨਾਂ ਨੇ ਬੀਤੇ ਦਿਨ ਗੰਨੇ ਦਾ ਮੁੱਲ 450 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਬੀਤੇ ਦਿਨੀਂ ਜਲੰਧਰ ਨੈਸ਼ਨਲ ਹਾਈਵੇ ‘ਤੇ ਧਰਨਾ ਤੇ ਰੇਲਾਂ ਰੋਕੀਆਂ ਸਨ ਪਰ ਸੀਐੱਮ ਵੱਲੋਂ ਕੀਮਤ ਵਧਾਉਣ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ ਸੀ ਪਰ ਹੁਣ ਫਿਰ ਗੰਨਾ ਉਤਪਾਦਕਾਂ ਨੇ ਹਾਈਵੇ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ।

error: Content is protected !!