ਪਾਕਿਸਤਾਨ ਵਿਚ ਭਾਰਤੀ ਸਿੱਖ ਪਰਿਵਾਰ ਨੂੰ ਬੰਦੂਕ ਦੀ ਨੋਕ ਉਤੇ ਲੁੱਟਿਆ, ਪੁਲਿਸ ਦੀ ਵਰਦੀ ਪਾ ਕੇ ਆਏ ਸੀ ਮੁਲਜ਼ਮ

ਪਾਕਿਸਤਾਨ ਵਿਚ ਭਾਰਤੀ ਸਿੱਖ ਪਰਿਵਾਰ ਨੂੰ ਬੰਦੂਕ ਦੀ ਨੋਕ ਉਤੇ ਲੁੱਟਿਆ, ਪੁਲਿਸ ਦੀ ਵਰਦੀ ਪਾ ਕੇ ਆਏ ਸੀ ਮੁਲਜ਼ਮ


ਵੀਓਪੀ ਬਿਊਰੋ, ਇੰਟਰਨੈਸ਼ਨਲ : ਪਾਕਿਸਤਾਨ ਵਿਖੇ ਗੁਰਪੁਰਬ ਦੇ ਸਮਾਗਮਾਂ ਵਿਚ ਹਿੱਸਾ ਲੈਣ ਗਏ ਭਾਰਤੀ ਸਿੱਖ ਪਰਿਵਾਰ ਨੂੰ ਉਥੇ ਪੁਲਿਸ ਦੀ ਵਰਦੀ ਪਾ ਕੇ ਆਏ ਲੁਟੇਰਿਆਂ ਨੇ ਬੰਦੂਕ ਵਿਖਾ ਕੇ ਲੁੱਟ ਲਿਆ। ਇਹ ਵਾਰਦਾਤ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿਚ ਵਾਪਰੀ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਿਸ ਨੇ ਦੱਸਿਆ ਕਿ ਕੰਵਲਜੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰ ਭਾਰਤ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਮਨਾਏ ਜਾ ਰਹੇ ਸਮਾਗਮਾਂ ‘ਚ ਹਿੱਸਾ ਲੈਣ ਆਏ ਹਨ। ਪੁਲਿਸ ਮੁਤਾਬਕ ਬੁੱਧਵਾਰ ਨੂੰ ਪਰਿਵਾਰਕ ਮੈਂਬਰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਵਾਪਸ ਪਰਤਣ ਤੋਂ ਬਾਅਦ ਖਰੀਦਦਾਰੀ ਲਈ ਲਾਹੌਰ ਦੇ ਗੁਲਬਰਗ ਇਲਾਕੇ ਦੇ ਲਿਬਰਟੀ ਮਾਰਕੀਟ ਗਏ ਸਨ। ਪੁਲਿਸ ਦੇ ਬੁਲਾਰੇ ਅਹਿਤਸ਼ਾਮ ਹੈਦਰ ਨੇ ਦੱਸਿਆ, “ਜਦੋਂ ਸਿੱਖ ਪਰਿਵਾਰ ਇੱਕ ਦੁਕਾਨ ਤੋਂ ਬਾਹਰ ਆਇਆ ਤਾਂ ਪੁਲਿਸ ਦੀ ਵਰਦੀ ਵਿੱਚ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬੰਦੂਕ ਦੀ ਨੋਕ ‘ਤੇ ਨਕਦੀ ਅਤੇ ਗਹਿਣੇ ਲੁੱਟ ਲਏ।”


ਹੈਦਰ ਨੇ ਦੱਸਿਆ ਕਿ ਲੁਟੇਰਿਆਂ ਨੇ ਸਿੱਖ ਪਰਿਵਾਰ ਤੋਂ ਗਹਿਣਿਆਂ ਤੋਂ ਇਲਾਵਾ 2,50,000 ਭਾਰਤੀ ਰੁਪਏ ਅਤੇ 1,50,000 ਪਾਕਿਸਤਾਨੀ ਰੁਪਏ ਲੁੱਟ ਲਏ। ਘਟਨਾ ਤੋਂ ਬਾਅਦ ਉਥੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਅਤੇ ਉਹ ਸਿੱਖ ਪਰਿਵਾਰ ਸਮੇਤ ਸਥਾਨਕ ਪੁਲਿਸ ਸਟੇਸ਼ਨ ਪਹੁੰਚੇ। ਇਸ ਘਟਨਾ ਬਾਰੇ ਸਥਾਨਕ ਥਾਣਾ ਇੰਚਾਰਜ ਨੇ ਆਪਣੇ ਸੀਨੀਅਰ ਅਧਿਕਾਰੀ ਨੂੰ ਸੂਚਿਤ ਕੀਤਾ। ਹੈਦਰ ਨੇ ਕਿਹਾ ਕਿ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਰੈਂਕ ਦੇ ਇੱਕ ਅਧਿਕਾਰੀ ਨੇ ਭਾਰਤੀ ਸਿੱਖ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਤੀਰਥ ਯਾਤਰਾ ‘ਤੇ ਆਏ ਸਿੱਖ ਪਰਿਵਾਰ ਨੂੰ ਲੁੱਟਣ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਅਤੇ ਲਾਹੌਰ ਪੁਲਸ ਮੁਖੀ ਨੂੰ ਤੁਰੰਤ ਰਿਪੋਰਟ ਦੇਣ ਲਈ ਕਿਹਾ। ਨਕਵੀ ਨੇ ਸੀਸੀਟੀਵੀ ਫੁਟੇਜ ਤੋਂ ਸ਼ੱਕੀਆਂ ਦੀ ਤੁਰੰਤ ਪਛਾਣ ਕਰਨ ‘ਤੇ ਜ਼ੋਰ ਦਿੱਤਾ ਤੇ ਡਕੈਤੀ ਵਿਚ ਸ਼ਾਮਲ ਅਪਰਾਧੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ।

error: Content is protected !!