ਸਰਕਾਰੀ ਮੈਰੀਟੋਰੀਅਸ ਸਕੂਲ ਵਿਚ ਪਰੋਸਿਆ ਕੀੜਿਆਂ ਵਾਲਾ ਖਾਣਾ, ਖਾਣ ਮਗਰੋਂ ਬੱਚਿਆਂ ਦੇ ਮੂੰਹ ਵਿਚੋਂ ਨਿਕਲਣ ਲੱਗੀ ਝੱਗ, 40 ਬੱਚੇ ਹਸਪਤਾਲ ਦਾਖਲ

ਸਰਕਾਰੀ ਮੈਰੀਟੋਰੀਅਸ ਸਕੂਲ ਵਿਚ ਪਰੋਸਿਆ ਕੀੜਿਆਂ ਵਾਲਾ ਖਾਣਾ, ਖਾਣ ਮਗਰੋਂ ਬੱਚਿਆਂ ਦੇ ਮੂੰਹ ਵਿਚੋਂ ਨਿਕਲਣ ਲੱਗੀ ਝੱਗ, 40 ਬੱਚੇ ਹਸਪਤਾਲ ਦਾਖਲ

ਵੀਓਪੀ ਬਿਊਰੋ, ਸੰਗਰੂਰ : ਸੰਗਰੂਰ ਦੇ ਸਰਕਾਰੀ ਮੈਰੀਟੋਰੀਅਸ ਸਕੂਲ ‘ਚ ਦੂਸ਼ਿਤ ਭੋਜਨ ਖਾਣ ਨਾਲ 40 ਦੇ ਕਰੀਬ ਬੱਚੇ ਬਿਮਾਰ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਸਰਕਾਰੀ ਮੈਰੀਟੋਰੀਅਸ ਸਕੂਲ ‘ਚ ਸ਼ੁੱਕਰਵਾਰ ਦੇਰ ਰਾਤ 18 ਬੱਚਿਆਂ ਨੂੰ ਦੂਸ਼ਿਤ ਖਾਣਾ ਖਾਣ ਕਾਰਨ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ‘ਚੋਂ 14 ਬੱਚਿਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ, ਜਦਕਿ 4 ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਸਵੇਰੇ ਸਕੂਲ ਤੋਂ 20 ਬੱਚਿਆਂ ਨੂੰ ਦਾਖਲ ਕਰਵਾਇਆ ਗਿਆ। ਦਾਖਲ ਬੱਚਿਆਂ ਵਿੱਚ ਮੂੰਹ ਵਿੱਚ ਝੱਗ ਆਉਣ, ਪੇਟ ‘ਚ ਦਰਦ ਅਤੇ ਉਲਟੀਆਂ ਆਉਣ ਦੀਆਂ ਸ਼ਿਕਾਇਤਾਂ ਆਈਆਂ ਹਨ। ਹਸਪਤਾਲ ‘ਚ ਦਾਖ਼ਲ ਬੱਚਿਆਂ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਉਨ੍ਹਾਂ ਨੂੰ ਘਟੀਆ ਕੁਆਲਿਟੀ ਦਾ ਖਾਣਾ ਖੁਆਇਆ ਜਾ ਰਿਹਾ ਹੈ।


ਇਸ ਸਬੰਧੀ ਪ੍ਰਬੰਧਕਾਂ ਨੂੰ ਸ਼ਿਕਾਇਤ ਵੀ ਭੇਜੀ ਗਈ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਦਾਖਲ ਬੱਚਿਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਦੇ ਖਾਣੇ ‘ਚ ਕੀੜੇ-ਮਕੌੜੇ ਨਜ਼ਰ ਆ ਰਹੇ ਸਨ ਪਰ ਮੈੱਸ ਦੇ ਠੇਕੇਦਾਰ ਨੇ ਬੱਚਿਆਂ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੀੜੇ-ਮਕੌੜੇ ਵਾਲਾ ਭੋਜਨ ਪਰੋਸ ਦਿੱਤਾ। ਦਾਖਲ ਬੱਚਿਆਂ ਦੇ ਮਾਪਿਆਂ ਨੇ ਇਹ ਵੀ ਕਿਹਾ ਕਿ ਬੱਚਿਆਂ ਵੱਲੋਂ ਖਾਣੇ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪ੍ਰਬੰਧਕਾਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਅੱਜ ਉਨ੍ਹਾਂ ਦੇ ਬੱਚਿਆਂ ਦੀ ਹਾਲਤ ਇਹੋ ਜਿਹੀ ਹੋ ਗਈ ਹੈ। ਐਸਐਮਓ ਡਾ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਾਰੇ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਬੱਚਿਆਂ ਦੇ ਮਾਪਿਆਂ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖਾਣਾ ਮੁਹੱਈਆ ਕਰਵਾਉਣ ਵਾਲੇ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖਾਣੇ ਦੇ ਸੈਂਪਲ ਲਏ ਗਏ ਹਨ। ਮੈਡੀਕਲ ਟੀਮ ਨੂੰ ਸਕੂਲ ‘ਚ ਹੀ ਨਿਯੁਕਤ ਕੀਤਾ ਗਿਆ ਹੈ।

error: Content is protected !!