ਇੰਨੋਸੈਂਟ ਹਾਰਟਸ ਵਿਖੇ ਬੈਸਟੋਵਾਲ ਟੂ ਦ ਬੈਸਟ’ ਸਾਲਾਨਾ ਉਤਸਵ ਸੰਪੂਰਨ: ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ


ਜਲੰਧਰ(ਪ੍ਰਥਮ); ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅਧੀਨ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ‘ਬੈਸਟੋਵਾਲ ਟੂ ਦ ਬੈਸਟ’ ਕਰਵਾਇਆ ਗਿਆ, ਜਿਸ ਵਿੱਚ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸ੍ਰੀ ਕੰਵਰਦੀਪ ਸਿੰਘ (ਚੇਅਰਮੈਨ, ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ) ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ ਅਤੇ ਪ੍ਰਸਿੱਧ ਸਮਾਜ ਸੇਵੀ ਸ੍ਰੀਮਤੀ ਸੁਮਨ ਸਰੀਨ ਨੇ ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਨਿਭਾਈ।

ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਬੱਚਿਆਂ ਨੇ ਮਾਂ ਸਰਸਵਤੀ ਦੇ ਮੰਤਰ ਦਾ ਜਾਪ ਕੀਤਾ ਅਤੇ ਫਿਰ ਭਗਵਾਨ ਨਟਰਾਜ ਦੀ ਪੂਜਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਵੱਲੋਂ ਪੇਸ਼ ਕੀਤੇ ਆਰਕੈਸਟਰਾ, ਰੋਬੋਟਿਕ ਡਾਂਸ, ਵੈਸਟਰਨ ਡਾਂਸ, ਫਿਊਜ਼ਨ ਬੈਲੇ ਅਤੇ ਹਿੱਪ-ਹੌਪ ਡਾਂਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਦੇਸ਼ ਭਗਤੀ ਦੇ ਨਾਚ ਨੂੰ ਖੂਬ ਸਲਾਹਿਆ ਗਿਆ।

ਡਾ. ਪਲਕ ਗੁਪਤਾ ਬੌਰੀ (ਡਾਇਰੈਕਟਰ ਸੀ.ਐਸ.ਆਰ.) ਨੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ‘ਦਿਸ਼ਾ-ਏਕ ਪ੍ਰਯਾਸ’ ਤਹਿਤ ਟਰੱਸਟ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਅਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਡਾਕਟਰੀ ਦੇ ਖੇਤਰ ਵਿੱਚ ਵੀ ਬੌਰੀ ਮੈਮੋਰੀਅਲ ਟਰੱਸਟ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਟਰੱਸਟ ਨੌਜਵਾਨਾਂ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ। ਟਰੱਸਟ ਤਕਨਾਲੋਜੀ ਨੂੰ ਸ਼ਾਮਲ ਕਰਕੇ ਅਧਿਆਪਨ ਵਿਧੀ ਵਿੱਚ ਨਵੀਨਤਾ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਪਹਿਲੇ ਮੁੱਖ ਮਹਿਮਾਨ ਸ਼੍ਰੀਮਤੀ ਸੁਮਨ ਸਰੀਨ, ਡਾ.ਚੰਦਰ ਬੌਰੀ (ਮੈਨੇਜਿੰਗ ਡਾਇਰੈਕਟਰ, ਮੈਡੀਕਲ ਸਰਵਿਸਿਜ਼ ਇੰਨੋਸੈਂਟ ਹਾਰਟਸ ਗਰੁੱਪ), ਸ਼੍ਰੀ ਸੰਦੀਪ ਜੈਨ (ਟਰੱਸਟੀ), ਸ਼੍ਰੀ ਕੇ.ਕੇ. ਸਰੀਨ (ਵਿੱਤ ਸਲਾਹਕਾਰ) ਨੇ ਇਸ ਮੌਕੇ ‘ਤੇ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਪੰਜਾਂ ਸਕੂਲਾਂ ਅਤੇ ਬੀ.ਐੱਡ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਚੈੱਕ ਵੀ ਭੇਟ ਕੀਤੇ |

ਸ਼੍ਰੀਮਤੀ ਸੁਮਨ ਸਰੀਨ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਟੇਜ ਦਾ ਸੰਚਾਲਨ ਸਟੂਡੈਂਟ ਕੌਂਸਲ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਬਾਖੂਬੀ ਨਿਭਾਇਆ ਗਿਆ। ਇਸ ਤੋਂ ਬਾਅਦ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਕੰਵਰਪ੍ਰੀਤ ਸਿੰਘ, ਡਾ.ਅਨੂਪ ਬੌਰੀ (ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ), ਡਾ.ਰਮੇਸ਼ ਸੂਦ (ਬੌਰੀ ਮੈਮੋਰੀਅਲ ਟਰੱਸਟ ਦੇ ਪ੍ਰਧਾਨ) ਅਤੇ ਡਾ.ਪਲਕ ਗੁਪਤਾ ਬੌਰੀ ਨੇ ਸ਼ਿਰਕਤ ਕੀਤੀ। 10ਵੀਂ ਅਤੇ 12ਵੀਂ ਜਮਾਤ ਵਿੱਚ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਡਾਂਸ, ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪੰਜਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਕੰਵਰਪ੍ਰੀਤ ਸਿੰਘ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬੌਰੀ ਮੈਮੋਰੀਅਲ ਟਰੱਸਟ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜ ਵਾਕਿਆ ਹੀ ਸ਼ਲਾਘਾ ਦੇ ਪਾਤਰ ਹਨ। ਇਹ ਸੰਸਥਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ। ਸਮਾਗਮ ਵਿੱਚ ਡਾ.ਰੋਹਨ ਬੌਰੀ (ਡਿਪਟੀ ਡਾਇਰੈਕਟਰ ਮੈਡੀਕਲ ਸੇਵਾਵਾਂ, ਇੰਨੋਸੈਂਟ ਹਾਰਟਸ ਗਰੁੱਪ) ਅਤੇ ਬੌਰੀ ਮੈਮੋਰੀਅਲ ਟਰੱਸਟ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

ਸ਼੍ਰੀ ਦਿਨੇਸ਼ ਅਗਰਵਾਲ ਦੀ ਤਰਫੋਂ ਉਨ੍ਹਾਂ ਦੇ ਪੁੱਤਰ ਅਰਚਿਤ ਅਤੇ ਭਤੀਜੇ ਧਰੁਵ ਦੀ ਯਾਦ ਵਿੱਚ ਅਦਿਤੀ ਬਜਾਜ (ਗ੍ਰੀਨ ਮਾਡਲ ਟਾਊਨ) ਨੂੰ ਸ਼੍ਰੀਮਤੀ ਸੁਮਨ ਸਰੀਨ ਦੁਆਰਾ ਸਟੂਡੈਂਟ ਆਫ ਦ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ 5100 ਰੁਪਏ ਦਾ ਨਕਦ ਇਨਾਮ ਨਾਲ ਇੱਕ ਟਰਾਫੀ ਵੀ ਦਿੱਤੀ ਗਈ।ਲੋਹਾਰਾਂ ਦੀ ਵਿਦਿਆਰਥਣ ਯਸ਼ਿਕਾ ਸ਼ਰਮਾ ਅਤੇ ਨੂਰਪੁਰ ਦੀ ਵਿਦਿਆਰਥਣ ਗੁਰਨਾਮ ਕੌਰ ਨੂੰ ਫਾਊਂਡਰ ਮੈਡਮ ਕਮਲੇਸ਼ ਬੌਰੀ ਜੀ ਦੀ ਯਾਦ ਵਿੱਚ ਐਗਜੀਕਿਊਟਿਵ ਡਾਇਰੈਕਟਰ ਔਫ ਸਕੂਲਜ ਸ੍ਰੀਮਤੀ ਸ਼ੈਲੀ ਬੌਰੀ,ਐਗਜੀਕਿਊਟਿਵ ਡਾਇਰੈਕਟਰ ਔਫ ਕਾਲਜਿਜ ਸ੍ਰੀਮਤੀ ਅਰਾਧਨਾ ਬੌਰੀ ਵੱਲੋਂ ਐਲਾਨੇ ਗਏ ਇਨਾਮ (5100/- ਰੁਪਏ ਨਕਦ ਟਰਾਫੀ ਸਮੇਤ) ਦੇ ਕੇ ਸਟੂਡੈਂਟ ਔਫ ਦ ਈਅਰ ਐਵਾਰਡ ਨਾਲ ਸਨਮਾਨਿਆ ਗਿਆ।

ਇਸ ਮੌਕੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਪ੍ਰਸਿੱਧ ਲੋਕ ਨਾਚ ਭੰਗੜਾ ਖਿੱਚ ਦਾ ਕੇਂਦਰ ਰਿਹਾ। ਅੰਤ ਵਿੱਚ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੇ ਮਿਲ ਕੇ ਸਕੂਲ ਗੀਤ ਪੇਸ਼ ਕੀਤਾ ਅਤੇ ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।

error: Content is protected !!