ਬਿੱਟੂ ਨੇ ਸੁਖਬੀਰ ਬਾਦਲ ਤੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਦਿੱਤੀ ਚੁਣੌਤੀ, ਜੇ ਹਿੰਮਤ ਹੈ ਤਾਂ ਆਓ ਮੈਦਾਨ ਵਿਚ…

ਬਿੱਟੂ ਨੇ ਸੁਖਬੀਰ ਬਾਦਲ ਤੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਦਿੱਤੀ ਚੁਣੌਤੀ, ਜੇ ਹਿੰਮਤ ਹੈ ਤਾਂ ਆਓ ਮੈਦਾਨ ਵਿਚ…

ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਸੁਖਬੀਰ ਬਾਦਲ ਤੇ ਕਮਲਦੀਪ ਕੌਰ ਵਿਚ ਹਿੰਮਤ ਹੈ ਤਾਂ ਉਹ ਮੇਰੇ ਖ਼ਿਲਾਫ਼ 2024 ਦੀ ਲੋਕ ਸਭਾ ਚੋਣ ਲੜਨ ਲਈ ਮੈਦਾਨ ਵਿਚ ਆਉਣ।
ਬਿੱਟੂ ਨੇ ਕਿਹਾ ਕਿ ਰਾਜੋਆਣਾ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ, ਇਸ ਲਈ ਉਸ ਨੇ ਹੁਣ ਤਕ ਮਾਫ਼ੀ ਵੀ ਨਹੀਂ ਮੰਗੀ। ਜੇ ਉਨ੍ਹਾਂ ਨੇ ਅੱਜ ਤਕ ਰਾਸ਼ਟਰਪਤੀ ਨੂੰ ਖੁਦ ਕੋਈ ਵੀ ਰਹਿਮ ਦੀ ਅਪੀਲ ਨਹੀਂ ਭੇਜੀ, ਤਾਂ ਉਸ ਨੂੰ ਮਾਫ਼ੀ ਕਿਸ ਗੱਲ ਦੀ ਮਿਲਣੀ ਚਾਹੀਦੀ ਹੈ।

ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜੋਆਣਾ ਨੂੰ ਰਿਹਾਅ ਕਰਵਾਉਣ ਲਈ ਵਰਤਿਆ ਜਾ ਰਿਹਾ ਹੈ, ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਖ਼ਿਲਾਫ਼ ਬੋਲਦੇ ਹਨ, ਤਾਂ ਅਕਾਲੀ ਦਲ ਦੇ ਪ੍ਰਧਾਨ ਤੇ ਉਨ੍ਹਾਂ ਦੇ ਵਰਕਰ ਉਨ੍ਹਾਂ ਦੇ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤਦੇ ਹਨ, ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ।
ਉਨ੍ਹਾਂ ਕਿਹਾ ਕਿ 2024 ਵਿਚ ਉਹ ਆਰ-ਪਾਰ ਦੇ ਮੁਕਾਬਲੇ ’ਚ ਉਤਰਨਗੇ ਅਤੇ ਰਾਸ਼ਟਰੀ ਹਿੱਤ, ਸ਼ਾਂਤੀ ਤੇ ਖ਼ਾਲਿਸਤਾਨੀਆਂ ਦੇ ਖ਼ਾਤਮੇ ਦੇ ਏਜੰਡੇ ਨਾਲ ਲੁਧਿਆਣਾ ਦੇ ਵੋਟਰਾਂ ਤੋਂ ਵੋਟਾਂ ਮੰਗਣਗੇ। ਜੇ ਸੁਖਬੀਰ ਸਿੰਘ ਬਾਦਲ ਤੇ ਕਮਲਦੀਪ ਰਾਜੋਆਣਾ ਵਿਚ ਹਿੰਮਤ ਹੈ ਤਾਂ ਉਹ ਖ਼ਾਲਿਸਤਾਨੀਆਂ ਅਤੇ ਆਪਣੇ ਆਪ ਨੂੰ ਬੰਦੀ ਸਿੱਖ ਅਖਵਾਉਣ ਵਾਲਿਆਂ ਦੇ ਨਾਂ ’ਤੇ ਚੋਣ ਲੜਨ ਦੀ ਕੋਸ਼ਿਸ਼ ਕਰਨ ਲਈ ਮੈਦਾਨ ਵਿਚ ਆਉਣ।

error: Content is protected !!