‘ਆਪ’ ਵਿਰੁੱਧ ਅਕਾਲੀ ਦਲ ਵੱਲੋਂ ‘ਪੰਜਾਬ ਬਚਾਓ’ ਯਾਤਰਾ ਸ਼ੁਰੂ ਕਰਨ ਦਾ ਐਲਾਨ, ਮਾਨ ਨੇ ਕੱਸਿਆ ਤੰਜ, 15 ਸਾਲ ਲੁੱਟਣ ਵਾਲੇ ‘ਅਕਾਲੀ ਦਲ ਤੋਂ ਪੰਜਾਬ ਬਚਾਲੋ’ ਯਾਤਰਾ ਕੱਢੋ

‘ਆਪ’ ਵਿਰੁੱਧ ਅਕਾਲੀ ਦਲ ਵੱਲੋਂ ‘ਪੰਜਾਬ ਬਚਾਓ’ ਯਾਤਰਾ ਸ਼ੁਰੂ ਕਰਨ ਦਾ ਐਲਾਨ, ਮਾਨ ਨੇ ਕੱਸਿਆ ਤੰਜ, 15 ਸਾਲ ਲੁੱਟਣ ਵਾਲੇ ‘ਅਕਾਲੀ ਦਲ ਤੋਂ ਪੰਜਾਬ ਬਚਾਲੋ’ ਯਾਤਰਾ ਕੱਢੋ

ਵੀਓਪੀ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਇਕ ਫਰਵਰੀ ਤੋਂ ਸੂਬੇ ਵਿਚ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਨੇ ਇਹ ਫੈਸਲਾ ਅੱਜ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਹੈ। ਇਸ ਦਾ ਮਕਸਦ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ’ਚ ਉਤਸ਼ਾਹ ਭਰਨ ਅਤੇ ਆਪ ਸਰਕਾਰ ਨੂੰ ਘੇਰਨ ਦਾ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੀ ਇਸ ਯਾਤਰਾ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ 15 ਸਾਲ ਪੰਜਾਬ ਨੂੰ ਲੁੱਟ ਕੇ ਹੁਣ ਪੰਜਾਬ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ।


ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਸੱਭ ਤੋਂ ਵੱਧ ਝੂਠ ਬੋਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੱਚੇ ਹਨ ਤਾਂ ਈਡੀ ਅੱਗੇ ਪੇਸ਼ ਹੋਣ ਤੋਂ ਕਿਉਂ ਭੱਜ ਰਹੇ ਹਨ। ਬਾਦਲ ਨੇ ਕਿਹਾ ਕਿ ਇਕ ਦਿਨ ਤਾਂ ਕੇਜਰੀਵਾਲ ਨੂੰ ਜੇਲ੍ਹ ਜਾਣਾ ਹੀ ਪਵੇਗਾ, ਭਾਵੇਂ ਜਿੰਨਾ ਮਰਜ਼ੀ ਉਹ ਭੱਜ ਲੈਣ। ਕੋਰ ਕਮੇਟੀ ਵਿਚ ਲਏ ਗਏ ਫੈਸਲਿਆਂ ਦੇ ਸਨਮੁੱਖ ਦੱਸਿਆ ਕਿ ਕੋਰ ਕਮੇਟੀ ਨੇ ਕਿਸਾਨਾਂ, ਸਮਾਜ ਦੇ ਕਮਜ਼ੋਰ ਵਰਗਾਂ, ਵਪਾਰ ਅਤੇ ਉਦਯੋਗ, ਨੌਜਵਾਨਾਂ ਅਤੇ ਸਰਕਾਰੀ ਕਰਮਚਾਰੀਆਂ ਸਮੇਤ ਲੋਕਾਂ ਨਾਲ ਧੋਖਾ ਕਰਨ ਵਾਲੀ ‘ਆਪ’ ਸਰਕਾਰ ਦਾ ਪਰਦਾਫਾਸ਼ ਕਰਨ ਲਈ ਇਕ ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਕੱਢਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਯਾਤਰਾ 117 ਵਿਧਾਨ ਸਭਾ ਹਲਕਿਆਂ ਵਿਚ ਜਾਵੇਗੀ ਅਤੇ ਹਰੇਕ ਹਲਕੇ ਵਿਚ ਦੋ ਦਿਨ ਰਹੇਗੀ।
ਇਸੇ ਤਰ੍ਹਾਂ ਕਸਬਿਆਂ ਅਤੇ ਸ਼ਹਿਰਾਂ ਵਿਚ ਸੈਮੀਨਾਰ ਵੀ ਕੀਤੇ ਜਾਣਗੇ। ਸੈਮੀਨਾਰ ਵਿਚ ਸੰਘੀ ਢਾਂਚੇ, ਰਾਜਧਾਨੀ ਅਤੇ ਦਰਿਆਈ ਪਾਣੀਆਂ ਦੇ ਮੁੱਦੇ ਨੂੰ ਵਿਚਾਰਿਆ ਜਾਵੇਗਾ। ਮੀਟਿੰਗ ਵਿਚ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਹਰਚਰਨ ਸਿੰਘ ਬੈਂਸ ਦੇ ਅਧਾਰਿਤ ਸੈਮੀਨਾਰ ਕਰਵਾਉਣ ਲਈ ਕਮੇਟੀ ਗਠਿਤ ਕੀਤੀ ਗਈ।

ਮਾਨ ਨੇ ਕੱਸਿਆ ਤੰਜ

ਉਧਰ, ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸਾਰੇ ਪੰਜਾਬ ਨੂੰ 15 ਸਾਲ ਹਰੇਕ ਪੱਖ ਤੋਂ ਲੁੱਟ ਕੇ ਅਕਾਲੀ ਦਲ ਬਾਦਲ ਨੇ ਬੋਲਿਆ ਵੱਡਾ ਸੱਚ… ਵੋਟਾਂ ਤੋਂ ਪਹਿਲਾਂ ਪੂਰੇ ਪੰਜਾਬ ‘ਚ ‘ਅਕਾਲੀ ਦਲ ਤੋਂ ਪੰਜਾਬ ਬਚਾਲੋ’ ਯਾਤਰਾ ਸ਼ੁਰੂ ਕਰਨ ਦਾ ਐਲਾਨ… ਇਸ ਦੀ ਮੁਆਫ਼ੀ ਕਦੇ ਫੇਰ ਮੰਗ ਲੈਣਗੇ…।

error: Content is protected !!