90 ਦਿਨ ਬਾਅਦ ਜ਼ਮਾਨਤ ਮਿਲਦੇ ਹੀ ਖਹਿਰਾ ਫਿਰ ਗ੍ਰਿਫ਼ਤਾਰ, ਚਿੱਟੀ ਦਾੜੀ ‘ਚ ਤੇਵਰ ਥੋੜਾ ਬਦਲੇ, ਕਹਿੰਦਾ- ਜੇਲ੍ਹ ‘ਚੋਂ ਬਾਹਰ ਆ ਕੇ ਸ਼ਾਂਤ ਰਹਾਂਗਾ
ਕਪੂਰਥਲਾ (ਵੀਓਪੀ ਬਿਊਰੋ) ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਕਪੂਰਥਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਉਸ ਨੂੰ ਮੈਡੀਕਲ ਜਾਂਚ ਲਈ ਲੈ ਗਈ। ਸਿਵਲ ਹਸਪਤਾਲ ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸ਼ਾਂਤ ਹੋ ਕੇ ਗੱਲ ਕਰਨਗੇ। ਕਿਉਂਕਿ ਭਗਵੰਤ ਮਾਨ ਪੁਲਿਸ ਅਫਸਰਾਂ ਨਾਲ ਲੜਦਾ ਹੈ, ਉਹ (ਭਗਵੰਤ) ਆਪਣਾ ਸੰਤੁਲਨ ਗੁਆ ਚੁੱਕਾ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੂੰ ਡਰੱਗ ਤਸਕਰੀ ਮਾਮਲੇ ‘ਚ 90 ਦਿਨਾਂ ਬਾਅਦ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਜੇਲ੍ਹ ਤੋਂ ਬਾਹਰ ਆਉਂਦੇ ਹੀ ਉਸ ਨੂੰ ਇੱਕ ਹੋਰ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਕਪੂਰਥਲਾ ਪੁਲੀਸ ਨੇ ਉਸ ਨੂੰ ਸ਼ਾਮ ਵੇਲੇ ਨਿਊ ਜੁਡੀਸ਼ੀਅਲ ਕੰਪਲੈਕਸ ਵਿਖੇ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸੁਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਖਹਿਰਾ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਵੀਰਵਾਰ ਸਵੇਰੇ ਪਿੰਡ ਡੋਗਰਾਂਵਾਲ ਦੀ ਰਹਿਣ ਵਾਲੀ ਔਰਤ ਰਣਜੀਤ ਕੌਰ ਦੀ ਸ਼ਿਕਾਇਤ ’ਤੇ ਖਹਿਰਾ ਖ਼ਿਲਾਫ਼ ਧਾਰਾ 195-ਏ (ਝੂਠੀ ਗਵਾਹੀ ਲਈ ਧਮਕਾਉਣਾ) ਅਤੇ ਧਾਰਾ 506 (ਅਪਰਾਧਿਕ ਧਮਕੀ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਧਾਇਕ ਸੁਖਪਾਲ ਖਹਿਰਾ ਉਸ (ਸ਼ਿਕਾਇਤਕਰਤਾ) ਨੂੰ ਝੂਠੀ ਗਵਾਹੀ ਦੇਣ ਲਈ ਧਮਕੀਆਂ ਦੇ ਰਿਹਾ ਹੈ।