ਕ੍ਰਿਪਟੋ ਕਰੰਸੀ ਦਾ ਲਾਲਚ ਦੇ ਕੇ ਠੱਗੇ 400 ਕਰੋੜ ਰੁਪਏ, ਹਿਮਾਚਲ ਦੇ ਸ਼ਾਤਿਰ ਨੇ ਹਜ਼ਾਰਾਂ ਪੰਜਾਬੀਆਂ ਨੂੰ ਬਣਾਇਆ ਮੂਰਖ

ਕ੍ਰਿਪਟੋ ਕਰੰਸੀ ਦਾ ਲਾਲਚ ਦੇ ਕੇ ਠੱਗੇ 400 ਕਰੋੜ ਰੁਪਏ, ਹਿਮਾਚਲ ਦੇ ਸ਼ਾਤਿਰ ਨੇ ਹਜ਼ਾਰਾਂ ਪੰਜਾਬੀਆਂ ਨੂੰ ਬਣਾਇਆ ਮੂਰਖ

 

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਵਿੱਤ ਵਿਭਾਗ ਨੇ ਮੰਗਲਵਾਰ ਨੂੰ 400 ਕਰੋੜ ਰੁਪਏ ਦੇ ਕ੍ਰਿਪਟੋਕਰੰਸੀ ਘੁਟਾਲੇ ਵਿੱਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਦੀਆਂ ਜਾਇਦਾਦਾਂ ਨੂੰ ਬੈਨ ਆਨ ਅਨਰੈਗੂਲੇਟਿਡ ਡਿਪਾਜ਼ਿਟ ਸਕੀਮਜ਼ (ਬੀਯੂਡੀਐਸ) ਐਕਟ, 2019 ਤਹਿਤ ਅਸਥਾਈ ਤੌਰ ‘ਤੇ ਕੁਰਕ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਘੁਟਾਲੇ ਨੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਮੁਲਜ਼ਮਾਂ ਨੇ ਕਰੀਬ 50 ਹਜ਼ਾਰ ਲੋਕਾਂ ਨੂੰ ਠੱਗਿਆ ਹੈ।

ਅਧਿਕਾਰੀਆਂ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਉਕਤ ਐਕਟ ਤਹਿਤ ਜਾਇਦਾਦਾਂ ਕੁਰਕ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਪਿਛਲੇ ਮਹੀਨੇ ਦੀ ਸ਼ੁਰੂਆਤ ਵਿੱਚ ਬੀਓਆਈ ਅਤੇ ਗ੍ਰਹਿ ਵਿਭਾਗ ਨੇ ਮੁੱਖ ਸਾਜ਼ਿਸ਼ਕਰਤਾ ਸੁਭਾਸ਼ ਸ਼ਰਮਾ ਅਤੇ ਹੇਮ ਰਾਜ ਦੀਆਂ ਜਾਇਦਾਦਾਂ ਕੁਰਕ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਅਧਿਕਾਰੀਆਂ ਅਨੁਸਾਰ ਹੁਣ ਵਿੱਤ ਵਿਭਾਗ ਪੰਜਾਬ ਦੇ ਪ੍ਰਸ਼ਾਸਨਿਕ ਸਕੱਤਰ ਅਜੋਏ ਕੁਮਾਰ ਸਿਨਹਾ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਸਬੰਧੀ ਰਿਪੋਰਟ ਮੋਹਾਲੀ ਦੇ ਜ਼ਿਲ੍ਹਾ ਜੱਜ ਨੂੰ ਪੂਰੀ ਕੁਰਕੀ ਦੇ ਹੁਕਮ ਪਾਸ ਕਰਨ ਲਈ ਜਾਵੇਗੀ।


ਅਦਾਲਤ ਦੋਵਾਂ ਮੁਲਜ਼ਮਾਂ ਨੂੰ ਇਹ ਸਾਬਤ ਕਰਨ ਦਾ ਆਖਰੀ ਮੌਕਾ ਦੇਵੇਗੀ ਕਿ ਇਹ ਜਾਇਦਾਦਾਂ ਕ੍ਰਿਪਟੋਕਰੰਸੀ ਰਾਹੀਂ ਕਮਾਏ ਮੁਨਾਫ਼ੇ ਨਾਲ ਨਹੀਂ ਖਰੀਦੀਆਂ ਗਈਆਂ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਅਸੀਂ ਜਲਦ ਹੀ ਦੋਵਾਂ ਦੋਸ਼ੀਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ।

ਦੱਸ ਦੇਈਏ ਕਿ ਡੇਰਾਬੱਸੀ ਪੁਲਿਸ ਨੇ ਕਰੀਬ 25 ਕਰੋੜ ਰੁਪਏ ਦੀਆਂ 10 ਜਾਇਦਾਦਾਂ ਦੀ ਪਛਾਣ ਕੀਤੀ ਹੈ ਜੋ ਸੁਭਾਸ਼ ਸ਼ਰਮਾ ਅਤੇ ਹੇਮ ਰਾਜ ਦੀਆਂ ਹਨ। ਇਹ ਜਾਇਦਾਦਾਂ ਜ਼ੀਰਕਪੁਰ ਵਿੱਚ ਵੀਆਈਪੀ ਰੋਡ ਅਤੇ ਨਾਭਾ ਸਾਹਿਬ ਰੋਡ ’ਤੇ ਸਥਿਤ ਹਨ। ਸਿਨਹਾ ਨੇ 9 ਜਨਵਰੀ, 2024 ਨੂੰ ਇੱਕ ਲਿਖਤੀ ਹੁਕਮ ਵਿੱਚ ਮਾਲ ਅਧਿਕਾਰੀਆਂ ਨੂੰ ਇਨ੍ਹਾਂ 10 ਜਾਇਦਾਦਾਂ ਦੀ ਵਿਕਰੀ ਰੋਕਣ ਲਈ ਕਿਹਾ ਹੈ। ਕਰੋੜਾਂ ਰੁਪਏ ਦੇ ਕ੍ਰਿਪਟੋਕਰੰਸੀ ਘੁਟਾਲੇ ਦੇ ਦੋਸ਼ੀਆਂ ਨੇ ਲੋਕਾਂ ਨਾਲ ਧੋਖਾ ਕੀਤਾ ਅਤੇ ਪੈਸਾ ਪੈਟਰੋਲ ਪੰਪਾਂ ਅਤੇ ਹੋਟਲਾਂ ਆਦਿ ਵਿੱਚ ਨਿਵੇਸ਼ ਕੀਤਾ।

ਡੇਰਾਬੱਸੀ ਪੁਲਸ ਨੇ ਹੁਣ ਤੱਕ 11 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਕਥਿਤ ਮਾਸਟਰਮਾਈਂਡ ਸੁਭਾਸ਼ ਸ਼ਰਮਾ ਸਮੇਤ ਗਿਰੋਹ ਦੇ ਕਈ ਫਰਾਰ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹ ਜ਼ੀਰਕਪੁਰ ਵਿੱਚ ਰਹਿ ਰਿਹਾ ਸੀ ਪਰ ਫਿਲਹਾਲ ਦੁਬਈ ਵਿੱਚ ਹੋਣ ਦਾ ਸ਼ੱਕ ਹੈ।

error: Content is protected !!