ਰੁਕਣ ਦਾ ਇਸ਼ਾਰਾ ਕਰਦੇ ਏਐਸਆਈ ਉਤੇ ਚੜ੍ਹਾ ਦਿੱਤੀ ਕਾਰ, ਨਾਲ ਹੀ ਘਸੀਟ ਲੈ ਗਿਆ, ਫਿਰ ਕਾਰ ਛੱਡ ਹੋਇਆ ਫਰਾਰ

ਰੁਕਣ ਦਾ ਇਸ਼ਾਰਾ ਕਰਦੇ ਏਐਸਆਈ ਉਤੇ ਚੜ੍ਹਾ ਦਿੱਤੀ ਕਾਰ, ਨਾਲ ਹੀ ਘਸੀਟ ਲੈ ਗਿਆ, ਫਿਰ ਕਾਰ ਛੱਡ ਹੋਇਆ ਫਰਾਰ


ਵੀਓਪੀ ਬਿਊਰੋ, ਸ਼ਾਹਕੋਟ/ ਮਲਸੀਆਂ-ਕਾਵਾਂ ਵਾਲੇ ਪੱਤਣ ‘ਤੇ ਲੱਗੇ ਹਾਈਟੈਕ ਨਾਕੇ ‘ਤੇ ਤੇਜ਼ ਰਫਤਾਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਮੁਲਾਜ਼ਮ ਉਤੇ ਕਾਰ ਚੜ੍ਹਾ ਦਿੱਤੀ ਤੇ ਨਾਲ ਹੀ ਘਸੀਟ ਕੇ ਲੈ ਗਿਆ। ਇਸ ‘ਤੇ ਪੁਲਿਸ ਮੁਲਾਜ਼ਮ ਡਿਵਾਈਡਰ ‘ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਤੇ ਕਾਰ ਵੀ ਥੋੜ੍ਹੀ ਦੂਰ ਜਾ ਕੇ ਰੁਕ ਗਈ। ਜ਼ਖਮੀ ਪੁਲਿਸ ਮੁਲਾਜ਼ਮ ਦੀ ਪਛਾਣ ਏਐਸਆਈ ਸੁਰਜੀਤ ਸਿੰਘ ਵੱਜੋਂ ਹੋਈ ਹੈ। ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ‘ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਸਾਥੀ ਪੁਲਿਸ ਮੁਲਾਜ਼ਮਾਂ ਨੇ ਏਐਸਆਈ ਸੁਰਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਸਾਰੀ ਘਟਨਾ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਏਐਸਆਈ ਦੇ ਉਪਰ ਕਾਰ ਚੜ੍ਹਾਉਣ ਦੀ ਸਾਰੀ ਵਾਰਦਾਤ ਕੈਦ ਹੋ ਗਈ ਹੈ।


ਏਐਸਆਈ ਸੁਰਜੀਤ ਸਿੰਘ ਵਾਸੀ ਬਾਜਵਾ ਕਲਾਂ ਜਲੰਧਰ ਦੇਹਾਤ ਪੁਲਿਸ ਵਿੱਚ ਤਾਇਨਾਤ ਹੈ। ਸ਼ਾਹਕੋਟ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਕਾਵਾਂ ਪੱਤਣ ‘ਚ ਹਾਈਟੈਕ ਚੌਕੀ ‘ਤੇ ਉਨ੍ਹਾਂ ਦੀ ਡਿਊਟੀ ਲਗਾਈ ਗਈ। ਜਦੋਂ ਉਸ ਨੇ ਚਿੱਟੇ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਰੋਕਣ ਦੀ ਬਜਾਏ ਕਾਰ ਭਜਾ ਲਈ।ਤੇਜ਼ ਰਫਤਾਰ ਕਾਰ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਏਐਸਆਈ ਸੁਰਜੀਤ ਸਿੰਘ ਨੇ ਸਾਈਡ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਏਐਸਆਈ ‘ਤੇ ਕਾਰ ਚੜ੍ਹਾ ਦਿੱਤੀ ਤੇ ਉਸ ਨੂੰ ਘਸੀਟ ਕੇ ਕੁਝ ਦੂਰੀ ‘ਤੇ ਡਿਵਾਈਡਰ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ, ਕਾਰ ਦੁਬਾਰਾ ਹਾਈਵੇ ‘ਤੇ ਆ ਗਈ ਅਤੇ ਰੇਲਿੰਗ ਨਾਲ ਟਕਰਾ ਕੇ ਰੁਕ ਗਈ। ਡਰਾਈਵਰ ਤੁਰੰਤ ਕਾਰ ਤੋਂ ਹੇਠਾਂ ਉਤਰ ਕੇ ਭੱਜ ਗਿਆ। ਇਸ ਮਗਰੋਂ ਚੌਕੀ ‘ਤੇ ਮੌਜੂਦ ਹੋਰ ਪੁਲਿਸ ਮੁਲਾਜ਼ਮ ਏਐਸਆਈ ਸੁਰਜੀਤ ਸਿੰਘ ਵੱਲ ਭੱਜੇ ਤੇ ਤੁਰੰਤ ਉਸ ਨੂੰ ਸ਼ਾਹਕੋਟ ਸਿਵਲ ਹਸਪਤਾਲ ਲੈ ਗਏ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਜਲੰਧਰ ਭੇਜ ਦਿੱਤਾ ਜਿੱਥੋ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ। ਏਐਸਆਈ ਸੁਰਜੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਥਾਣਾ ਸ਼ਾਹਕੋਟ ਦੇ ਐਸਐਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਲਈ ਕਾਰ ਦੇ ਵੇਰਵੇ ਕੱਢੇ ਜਾ ਰਹੇ ਹਨ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!