ਆਪਣੇ ਪੁੱਤ ਦੇ ਇਨਸਾਫ਼ ਲਈ ਸਿਆਸਤ ‘ਚ ਆਉਣਾ ਗਲਤ ਨਹੀਂ, ਬੇਅੰਤ ਸਿੰਘ ਦੇ ਪੋਤੇ ਬਿੱਟੂ ਨੇ ਵੀ ਕਾਤ-ਲਾਂ ਨੂੰ ਦਿਵਾਈ ਸੀ ਸਜ਼ਾ: ਬਲਕੌਰ ਸਿੰਘ

ਆਪਣੇ ਪੁੱਤ ਦੇ ਇਨਸਾਫ਼ ਲਈ ਸਿਆਸਤ ‘ਚ ਆਉਣਾ ਗਲਤ ਨਹੀਂ, ਬੇਅੰਤ ਸਿੰਘ ਦੇ ਪੋਤੇ ਬਿੱਟੂ ਨੇ ਵੀ ਕਾਤ-ਲਾਂ ਨੂੰ ਦਿਵਾਈ ਸੀ ਸਜ਼ਾ: ਬਲਕੌਰ ਸਿੰਘ

ਮਾਨਸਾ (ਵੀਓਪੀ ਬਿਊਰੋ) ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿਆਸਤ ਵਿੱਚ ਆਉਣਗੇ। ਇਸ ਬਾਰੇ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਸਿਆਸਤ ਵਿੱਚ ਆਉਣਾ ਗ਼ਲਤ ਨਹੀਂ ਹੈ।

ਮਾਨਸਾ ਵਿੱਚ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਬਿੱਟੂ ਨੇ ਐਮਪੀ ਬਣਨ ਤੋਂ ਬਾਅਦ ਕਾਤਲਾਂ ਨੂੰ ਸਜ਼ਾਵਾਂ ਦਿਵਾਈਆਂ। ਜੇਕਰ ਉਹ ਵੀ ਰਾਜਨੀਤੀ ਵਿੱਚ ਆ ਜਾਵੇ ਤਾਂ ਗਲਤ ਨਹੀਂ ਹੋਵੇਗਾ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਹਿਲਾਂ ਹੀ ਕਾਂਗਰਸ ਵੱਲੋਂ ਲੋਕ ਸਭਾ ਚੋਣ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ, ਪਰ ਫਿਰ ਉਨ੍ਹਾਂ ਨੇ ਸਿਆਸਤ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਜਨੀਤੀ ਵਿੱਚ ਆਉਂਦੇ ਹਨ ਤਾਂ ਕਿਹਾ ਜਾਵੇਗਾ ਕਿ ਮੂਸੇਵਾਲਾ ਦਾ ਪਿਤਾ ਰਾਜਨੀਤੀ ਕਰਦਾ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਆਮ ਆਦਮੀ ਅਤੇ ਸਿਆਸਤਦਾਨਾਂ ਵਿੱਚ ਫਰਕ ਇਹ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਅਤੇ ਮੇਰੇ ਪੁੱਤਰ ਨੂੰ ਏ.ਕੇ.-47 ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਹਿਲਾਂ ਕਿਹਾ ਹੈ ਕਿ ਜੇਕਰ ਬਲਕੌਰ ਸਿੰਘ ਚੋਣ ਲੜਨਾ ਚਾਹੁੰਦੇ ਹਨ ਤਾਂ ਕਾਂਗਰਸ ਉਨ੍ਹਾਂ ਨੂੰ ਟਿਕਟ ਦੇਣ ਲਈ ਤਿਆਰ ਹੈ। ਸਿੱਧੂ ਮੂਸੇਵਾਲਾ ਨੇ ਖੁਦ ਕਾਂਗਰਸ ਦੀ ਟਿਕਟ ‘ਤੇ 2022 ‘ਚ ਚੋਣ ਲੜੀ ਸੀ, ਹਾਲਾਂਕਿ ਉਹ ਚੋਣ ਹਾਰ ਗਏ ਸਨ।

error: Content is protected !!