ਲੁੱਟ ਮਗਰੋਂ ਜਾਂਚ ਕਰਨ ਪੁੱਜੇ ਏਐਸਆਈ ਸਮੇਤ ਤਿੰਨ ਜਣਿਆਂ ਉਤੇ ਆ ਚੜ੍ਹਾਈ ਇੰਡੈਵਰ ਗੱਡੀ, ਦਰਦਨਾਕ ਮੌ.ਤ, ਗੱਡੀ ਚਾਲਕ ਨੂੰ ਸਾਥੀ ਲੈ ਕੇ ਹੋਏ ਫਰਾਰ

ਲੁੱਟ ਮਗਰੋਂ ਜਾਂਚ ਕਰਨ ਪੁੱਜੇ ਏਐਸਆਈ ਸਮੇਤ ਤਿੰਨ ਜਣਿਆਂ ਉਤੇ ਆ ਚੜ੍ਹਾਈ ਇੰਡੈਵਰ ਗੱਡੀ, ਦਰਦਨਾਕ ਮੌ.ਤ, ਗੱਡੀ ਚਾਲਕ ਨੂੰ ਸਾਥੀ ਲੈ ਕੇ ਹੋਏ ਫਰਾਰ


ਲੁਧਿਆਣਾ (ਵੀਓਪੀ ਬਿਊਰੋ)-ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਗਏ ਚੌਕੀ ਜਨਕਪੁਰੀ ਦੇ ਏ.ਐੱਸ.ਆਈ. ਸਮੇਤ 3 ਲੋਕਾਂ ਉਤੇ ਇਕ ਓਵਰਸਪੀਡ ਇੰਡੈਵਰ ਗੱਡੀ ਆ ਚੜ੍ਹੀ। ਹਾਦਸੇ ’ਚ ਇਕ ਨੌਜਵਾਨ ਦੀ ਮੌ.ਤ ਹੋ ਗਈ, ਜਦਕਿ ਏ.ਐੱਸ.ਆਈ. ਅਤੇ ਹੋਰ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਗੱਡੀ ਦੀ ਚਾਲਕ ਇੰਡੈਵਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਨੌਜਵਾਨ ਸ਼ੇਰਪੁਰ ਦਾ ਰਹਿਣ ਵਾਲਾ ਹਰਦੀਪ ਸਿੰਘ ਵਿੱਕੀ ਹੈ, ਜਦਕਿ ਜ਼ਖਮੀ ਏ.ਐੱਸ.ਆਈ. ਜਸਬੀਰ ਸਿੰਘ ਅਤੇ ਮ੍ਰਿਤਕ ਦਾ ਦੋਸਤ ਰਾਹੁਲ ਹੈ।


ਜਾਣਕਾਰੀ ਦਿੰਦਿਆਂ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਹਰਦੀਪ ਸਿੰਘ ਦੀ ਡੀਟੀਡੀਸੀ ਕੋਰੀਅਰ ਦੀ ਏਜੰਸੀ ਹੈ। ਅਕਸਰ ਉਹ ਰਾਤ ਨੂੰ ਗੱਡੀ ਲੋਡ ਕਰਵਾ ਕੇ ਲੇਟ ਹੀ ਘਰ ਜਾਂਦਾ ਸੀ। ਸ਼ਨੀਵਾਰ ਦੀ ਰਾਤ ਉਹ ਕੰਮ ਖਤਮ ਕਰਨ ਤੋਂ ਬਾਅਦ ਦੋਸਤ ਰਾਹੁਲ ਨਾਲ ਘਰ ਆ ਰਿਹਾ ਸੀ। ਢੋਲੇਵਾਲ ਪੁਲ ’ਤੇ ਕੁਝ ਬਦਮਾਸ਼ ਇਕ ਰਾਹਗੀਰ ਤੋਂ ਲੁੱਟ-ਖੋਹ ਕਰ ਰਹੇ ਸਨ। ਹਰਦੀਪ ਅਤੇ ਰਾਹੁਲ ਵਾਰਦਾਤ ਨੂੰ ਦੇਖ ਕੇ ਮਦਦ ਲਈ ਪੁਲਿਸ ਨੂੰ ਨੇੜੇ ਚੌਕੀ ਤੋਂ ਬੁਲਾਉਣ ਲਈ ਗਏ ਅਤੇ ਏ.ਐੱਸ.ਆਈ. ਜਸਬੀਰ ਸਿੰਘ ਨੂੰ ਮੌਕੇ ਤੋਂ ਲੈ ਕੇ ਗਏ। ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਲੁਟੇਰੇ ਜਾ ਚੁੱਕੇ ਸਨ। ਇਸ ਤੋਂ ਬਾਅਦ ਏ.ਐੱਸ.ਆਈ. ਜਸਬੀਰ ਸਿੰਘ ਲੁੱਟ ਦਾ ਸ਼ਿਕਾਰ ਰਾਹਗੀਰ ਤੋਂ ਪੁੱਛਗਿੱਛ ਕਰਨ ਲੱਗੇ।
ਇਸੇ ਦੌਰਾਨ ਇਕ ਓਵਰਸਪੀਡ ਇੰਡੈਵਰ ਕਾਰ ਆਈ, ਜੋ ਕਿ ਪਹਿਲਾਂ ਡਿਵਾਈਡਰ ਨਾਲ ਟਕਰਾਈ। ਉਸ ਤੋਂ ਬਾਅਦ ਏ.ਐੱਸ.ਆਈ., ਹਰਦੀਪ ਅਤੇ ਰਾਹੁਲ ਨੂੰ ਕੁਚਲਦੇ ਹੋਏ ਹਰਦੀਪ ਦੀ ਵੈਨਿਊ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਹਰਦੀਪ ਦੀ ਮੌਕੇ ’ਤੇ ਹੀ ਮੌ.ਤ ਹੋ ਗਈ।
ਹਾਦਸੇ ਤੋਂ ਬਾਅਦ ਮੁਲਜ਼ਮ ਚਾਲਕ ਦੇ ਸਾਥੀ ਆਏ ਅਤੇ ਉਸ ਨੂੰ ਉੱਥੋਂ ਲੈ ਕੇ ਫਰਾਰ ਹੋ ਗਏ। ਰਾਹਗੀਰਾਂ ਨੇ ਪੁਲਿਸ ਕੰਟਰੋਲ ਰੂਮ ’ਤੇ ਹਾਦਸੇ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਚੌਕੀ ਜਨਕਪੁਰੀ ਅਤੇ ਥਾਣਾ ਡਵੀਜ਼ਨ ਨੰ. 2 ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਹਰਦੀਪ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜਸਪ੍ਰੀਤ ਨੇ ਕਿਹਾ ਕਿ ਉਸ ਦੀ ਵੱਡੀ ਭੈਣ ਜਸਕਿਰਨ ਕੌਰ ਕੈਨੇਡਾ ਤੋਂ ਭਾਰਤ ਆ ਰਹੀ ਹੈ। ਉਸ ਦੇ ਆਉਣ ਤੋਂ ਬਾਅਦ ਹੀ ਹਰਦੀਪ ਦਾ ਸਸਕਾਰ ਕਰਨਗੇ।
ਮੌਕੇ ’ਤੇ ਪੁੱਜੀ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ’ਚ ਰਖਵਾ ਕੇ ਇੰਡੈਵਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਚਾਲਕ ਸੰਚਿਤ ਗੁਪਤਾ ਖਿਲਾਫ਼ ਕਾਰਵਾਈ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਉੱਧਰ ਚੌਕੀ ਇੰਚਾਰਜ ਕਪਿਲ ਕੁਮਾਰ ਦਾ ਕਹਿਣਾ ਹੈ ਕਿ ਜ਼ਖ਼ਮੀ ਏ.ਐੱਸ.ਆਈ. ਦੀਆਂ ਪੱਸਲੀਆਂ ਟੁੱਟ ਗਈਆਂ ਹਨ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁਲਜ਼ਮ ਇੰਡੈਵਰ ਚਾਲਕ ਸੰਚਿਤ ਗੁਪਤਾ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉੱਥੇ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਨਹੀਂ ਹੋਈ ਅਤੇ ਨਾ ਹੀ ਪੁਲਸ ਕੋਲ ਕੋਈ ਸ਼ਿਕਾਇਤ ਆਈ ਹੈ।

error: Content is protected !!