2 ਫਰਵਰੀ ਨੂੰ ਭਰਾ ਦਾ ਸੀ ਵਿਆਹ, ਕੱਪੜੇ ਲੈਣ ਗਏ ਮੁੰਡੇ ਨੇ ਨਹਿਰ ‘ਚ ਮਾਰ ਦਿੱਤੀ ਛਾਲ, ਬਚਾਉਂਦਿਆਂ ਦੋਸਤ ਵੀ ਰੁੜ੍ਹਿਆ

2 ਫਰਵਰੀ ਨੂੰ ਭਰਾ ਦਾ ਸੀ ਵਿਆਹ, ਕੱਪੜੇ ਲੈਣ ਗਏ ਮੁੰਡੇ ਨੇ ਨਹਿਰ ‘ਚ ਮਾਰ ਦਿੱਤੀ ਛਾਲ, ਬਚਾਉਂਦਿਆਂ ਦੋਸਤ ਵੀ ਰੁੜ੍ਹਿਆ


ਸ੍ਰੀ ਮੁਕਤਸਰ ਸਾਹਿਬ (ਵੀਓਪੀ ਬਿਊਰੋ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਲੁੰਡੇਵਾਲਾ ਦੇ 2 ਨੌਜਵਾਨ ਨਹਿਰ ‘ਚ ਰੁੜ੍ਹ ਗਏ। ਨਜ਼ਦੀਕੀ ਪਿੰਡ ਗੁਰਸਰ ਕੋਲ ਲੰਘਦੀ ਰਾਜਸਥਾਨ ਨਹਿਰ ਦੇ ਪੁਲ ਨੇੜੇ ਸੁਖਜਿੰਦਰ ਸਿੰਘ ਪੁੱਤਰ ਬਲਜੀਤ ਅਤੇ ਰਾਜਵਿੰਦਰ ਸਿੰਘ ਨਹਿਰ ‘ਚ ਰੁੜ੍ਹ ਗਏ। ਸੂਚਨਾ ਮਿਲਣ ‘ਤੇ ਐੱਸ. ਐੱਚ. ਓ. ਗਿੱਦੜਬਾਹਾ ਅਤੇ ਡੀ. ਐੱਸ. ਪੀ. ਗਿੱਦੜਬਾਹਾ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚੇ।

ਇਸ ਬਾਰੇ ਜਾਣਕਾਰੀ ਦਿੰਦਿਆ ਡੀ. ਐੱਸ. ਪੀ. ਜਸਵੀਰ ਸਿੰਘ ਪੰਨੂ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਪਿੰਡ ਗੁਰਸਰ ਦੇ ਜੱਗਾ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਨੂੰ ਚਲਾ ਰਹੇ ਸੁਖਜਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਨੇ ਮੋਟਰਸਾਈਕਲ ਸੜਕ ‘ਤੇ ਸੁੱਟ ਕੇ ਨਹਿਰ ‘ਚ ਛਾਲ ਮਾਰ ਦਿੱਤੀ ਅਤੇ ਉਸ ਦੇ ਮਗਰ ਉਸ ਨੂੰ ਬਚਾਉਣ ਲਈ ਰਾਜਵਿੰਦਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਲੁੰਡੇਵਾਲਾ ਨੇ ਵੀ ਨਹਿਰ ‘ਚ ਛਾਲ ਮਾਰ ਦਿੱਤੀ। ਦੋਵੇਂ ਨੌਜਵਾਨ ਨਹਿਰ ‘ਚ ਰੁੜ੍ਹ ਗਏ। ਉਨ੍ਹਾਂ ਦੱਸਿਆ ਕਿ ਗੋਤਾਖ਼ੋਰਾਂ ਦੀ ਮਦਦ ਨਾਲ ਦੋਹਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰਿਕ ਮੈਬਰਾਂ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਪਿੰਡ ਗੁਰਸਰ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਬਚਾਉਣ ਦੀ ਕੋਸਿਸ਼ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਸੁਖਜਿੰਦਰ ਸਿੰਘ ਦੇ ਭਰਾ ਦਾ 2 ਫ਼ਰਵਰੀ ਨੂੰ ਵਿਆਹ ਰੱਖਿਆ ਹੋਇਆ ਸੀ ਅਤੇ ਘਰੋਂ ਦੋਵੇਂ ਕੱਪੜੇ ਲੈਣ ਲਈ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗਿੱਦੜਬਾਹਾ ਜਾ ਰਹੇ ਸਨ ਅਤੇ ਰਸਤੇ ‘ਚ ਇਹ ਘਟਨਾ ਵਾਪਰ ਗਈ। ਇਸ ਖ਼ਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।

error: Content is protected !!