ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਹੌਂਸਲੇ ਬੁਲੰਦ, ਮੁਹਾਲੀ ‘ਚ ਸਿੰਗਰ ਦੀ ਰੇਕੀ ਕਰਨ ਆਏ ਬਦਮਾਸ਼ ਪੁਲਿਸ ਨਾਲ ਭਿੜੇ, ਇੱਕ ਦੀ ਲੱਤ ‘ਚ ਗੋਲੀ ਮਾਰ ਕੇ ਫੜਿਆ ਦੂਜਾ ਫਰਾਰ

ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਹੌਂਸਲੇ ਬੁਲੰਦ, ਮੁਹਾਲੀ ‘ਚ ਸਿੰਗਰ ਦੀ ਰੇਕੀ ਕਰਨ ਆਏ ਬਦਮਾਸ਼ ਪੁਲਿਸ ਨਾਲ ਭਿੜੇ, ਇੱਕ ਦੀ ਲੱਤ ‘ਚ ਗੋਲੀ ਮਾਰ ਕੇ ਫੜਿਆ ਦੂਜਾ ਫਰਾਰ

ਮੁਹਾਲੀ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਹੋਰਨਾਂ ਕਲਾਕਾਰਾਂ ਖਿਲਾਫ਼ ਗੈਂਗਸਟਰ ਹੱਥ ਧੋ ਕੇ ਪੈ ਗਏ ਹਨ। ਪਿੱਛਲੇ ਦਿਨੀ ਬੰਟੀ ਬੈਂਸ ਨੂੰ ਵੀ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਵੀ ਕਈ ਨਾਮੀ ਕਲਾਕਾਰਾਂ ਜਿਵੇਂ ਕਿ ਗਿੱਪੀ ਗਰੇਵਾਲ ਤੇ ਹੋਰਨਾਂ ਖਿਲਾਫ਼ ਵੀ ਗੈਂਗਸਟਰ ਅੱਖਾਂ ਦਿਖਾ ਚੁੱਕੇ ਹਨ।

ਮੁਹਾਲੀ ਦੇ ਪਿੰਡ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਦੇ ਪਿੱਛੇ ਸਥਿਤ ਸੁੰਨਸਾਨ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਦੋ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਕਰਾਸ ਫਾਇਰਿੰਗ ‘ਚ ਇਕ ਬਦਮਾਸ਼ ਦੀ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੂਜਾ ਅਪਰਾਧੀ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ 30 ਬੋਰ ਦਾ ਪਿਸਤੌਲ ਅਤੇ ਇੱਕ ਲੋਡਿਡ ਮੈਗਜ਼ੀਨ ਬਰਾਮਦ ਕੀਤਾ ਹੈ।

ਫੜੇ ਗਏ ਅਪਰਾਧੀ ਦੀ ਪਛਾਣ ਬਨਵਾਰੀ ਪਾਲ ਵਾਸੀ ਆਗਰਾ (ਯੂਪੀ) ਵਜੋਂ ਹੋਈ ਹੈ, ਜੋ ਕੌਸ਼ਲ ਗੈਂਗ ਨਾਲ ਸਬੰਧਤ ਹੈ। ਪੁਲਿਸ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਬਨਵਾਰੀ ਪਾਲ ਅਤੇ ਉਸ ਦੇ ਸਾਥੀ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਆਈਪੀਸੀ ਦੀ ਧਾਰਾ 307, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੌਕੇ ‘ਤੇ ਪਹੁੰਚੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਸਪੈਸ਼ਲ ਸੈੱਲ ਨੂੰ ਸ਼ਾਮ ਕਰੀਬ ਪੌਣੇ ਛੇ ਵਜੇ ਸੂਚਨਾ ਮਿਲੀ ਸੀ ਕਿ ਚੱਪੜਚਿੜੀ ਇਲਾਕੇ ‘ਚ ਦੋ ਬਦਮਾਸ਼ ਘੁੰਮ ਰਹੇ ਹਨ।

ਦੋਵੇਂ ਇੱਕ ਮਸ਼ਹੂਰ ਪੰਜਾਬੀ ਗਾਇਕ ਦੀ ਰੇਕੀ ਕਰਨ ਆਏ ਹਨ। ਸੂਚਨਾ ‘ਤੇ ਸਪੈਸ਼ਲ ਸੈੱਲ ਦੀ ਟੀਮ ਨੇ ਚੱਪੜਚਿੜੀ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਜਦੋਂ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਫ਼ਰਾਰ ਹੋ ਗਏ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਨ੍ਹਾਂ ਨੇ ਫਤਿਹ ਮੀਨਾਰ ਦੇ ਪਿੱਛੇ ਸੁੰਨਸਾਨ ਇਲਾਕੇ ‘ਚ ਪੁਲਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਜਵਾਬ ‘ਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਅਤੇ ਇਕ ਗੋਲੀ ਬਨਵਾਰੀ ਪਾਲ ਦੀ ਲੱਤ ‘ਚ ਲੱਗੀ ਅਤੇ ਦੋਵੇਂ ਬਦਮਾਸ਼ ਬਾਈਕ ਤਿਲਕਣ ਕਾਰਨ ਹੇਠਾਂ ਡਿੱਗ ਗਏ। ਦੂਸਰਾ ਮੁਲਜ਼ਮ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਖੇਤਾਂ ਵਿਚੋਂ ਫਰਾਰ ਹੋ ਗਿਆ।

ਪੁਲਿਸ ਨੇ ਜ਼ਖ਼ਮੀ ਬਨਵਾਰੀ ਪਾਲ ਕੋਲੋਂ ਇੱਕ 30 ਬੋਰ ਦਾ ਪਿਸਤੌਲ ਅਤੇ ਇੱਕ ਲੋਡਿਡ ਮੈਗਜ਼ੀਨ ਬਰਾਮਦ ਕੀਤਾ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਇਸ ਆਪਰੇਸ਼ਨ ਦੀ ਅਗਵਾਈ ਕਰ ਰਹੇ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਭਗੌੜੇ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਫੋਰੈਂਸਿਕ ਟੀਮ ਨੇ ਜਾਂਚ ਤੋਂ ਬਾਅਦ ਮੌਕੇ ਤੋਂ ਕੁਝ ਸੈਂਪਲ ਲਏ ਹਨ।

ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਲਪੁਰ ਇਲਾਕੇ ਵਿੱਚ ਤਿੰਨ ਨੌਜਵਾਨਾਂ ਨੇ ਇੱਕ ਵਿਅਕਤੀ ਅਤੇ ਉਸ ਦੇ ਘਰ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਮੁਲਜ਼ਮ ਬਨਵਾਰੀ ਵੀ ਉਸ ਘਟਨਾ ਵਿੱਚ ਸ਼ਾਮਲ ਸੀ। ਮੁਲਜ਼ਮ ਜਿਸ ਮੋਟਰਸਾਈਕਲ ’ਤੇ ਗਾਇਕ ਦੀ ਰੇਕੀ ਕਰਨ ਆਏ ਸਨ, ਉਸ ’ਤੇ ਨੰਬਰ ਪਲੇਟ ਨਹੀਂ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਅਤੇ ਮੁਲਜ਼ਮ ਇਸ ਨਾਲ ਕਈ ਵਾਰਦਾਤਾਂ ਕਰ ਚੁੱਕੇ ਹਨ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!