ਪੰਜਾਬ ਸਰਕਾਰ ਨੇ ਪੇਸ਼ ਕੀਤਾ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਬਜਟ, ਕੀਤੇ ਇਹ ਐਲਾਨ

ਪੰਜਾਬ ਸਰਕਾਰ ਨੇ ਪੇਸ਼ ਕੀਤਾ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਬਜਟ, ਕੀਤੇ ਇਹ ਐਲਾਨ

ਚੰਡੀਗੜ੍ਹ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰ ਦਿੱਤਾ ਹੈ। ਸਾਲ 2024-25 ਲਈ ਇਹ ਬਜਟ 2 ਲੱਖ 4 ਹਜ਼ਾਰ 918 ਕਰੋੜ ਰੁਪਏ ਹੈ। ਪੰਜਾਬ ਵਿੱਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਵੱਧ ਗਿਆ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਕੂਲੀ ਸਿੱਖਿਆ ਲਈ 16 ਹਜ਼ਾਰ 967 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਇਸ ਦੌਰਾਨ ਖੇਤੀਬਾੜੀ ਸੈਕਟਰ ਤੇ ਕਿਸਾਨਾਂ ਦੀ ਭਲਾਈ ਦੇ ਲਈ 13 ਹਜ਼ਰ ਕਰੋੜ ਤੋਂ ਵੱਧ ਦਾ ਬਜਟ ਰੱਖਿਆ ਗਿਆ। ਆਪਰੇਸ਼ਨ ਬਲੂ ਸਟਾਰ ਦੇ ਧਰਮੀ ਫੌਜੀਆਂ ਦੀ ਪੈਨਸ਼ਨ ਵਧਾ ਕੇ 12 ਹਜ਼ਾਰ ਤੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦੀ ਪੈਨਸ਼ਨ ਵਧਾ ਕੇ 20 ਹਜ਼ਰ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਖੇਡਾਂ ਲਈ 272 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਭਰ ਵਿੱਚ ਇੱਕ ਹਜ਼ਾਰ ਖੇਡ ਨਰਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਬਣਾਈਆਂ ਜਾਣਗੀਆਂ। ਇਸ ਲਈ 50 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਹੈ। ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਲਈ 34 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕ ਲਈ 249 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਫਰਿਸ਼ਤੇ ਸਕੀਮ ਲਈ 20 ਕਰੋੜ ਰੁਪਏ, ਆਯੂਸ਼ਮਾਨ ਭਾਰਤ ਲਈ 553 ਕਰੋੜ ਰੁਪਏ, ਨਸ਼ਾ ਛੁਡਾਊ ਪ੍ਰਾਜੈਕਟ ਲਈ 70 ਕਰੋੜ ਰੁਪਏ ਅਤੇ 58 ਨਵੀਆਂ ਐਂਬੂਲੈਂਸਾਂ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਾਗਬਾਨੀ ਦੇ ਖੇਤਰ ਵਿੱਚ ਗੁਣਵੱਤਾ ਵਧਾਉਣ ਲਈ ਪੰਜਾਬ ਬਾਗਬਾਨੀ ਅਡਵਾਂਸਮੈਂਟ ਅਤੇ ਸਸਟੇਨੇਬਲ ਐਂਟਰਪ੍ਰੀਨਿਓਰਸ਼ਿਪ ਦਾ ਐਲਾਨ ਕੀਤਾ। ਇਸ ਵਿੱਚ ਖੁੰਬਾਂ ਦੀ ਕਾਸ਼ਤ, ਫੁੱਲਾਂ ਦੇ ਬੀਜਾਂ ਦਾ ਉਤਪਾਦਨ, ਫਲਾਂ ਅਤੇ ਸਬਜ਼ੀਆਂ ਦੇ ਬਾਗਾਂ ਦੇ ਵਿਕਾਸ ਲਈ ਬਣਾਈਆਂ ਗਈਆਂ ਸਕੀਮਾਂ ਦਿੱਤੀਆਂ ਜਾਣਗੀਆਂ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ 13016 ਹੈਕਟੇਅਰ ਰਕਬੇ ਨੂੰ ਮਾਈਕ੍ਰੋ ਸਿੰਚਾਈ ਅਤੇ ਜ਼ਮੀਨ ਹੇਠ ਪਾਈਪਾਂ ਵਿਛਾਉਣ ਲਈ ਇਸ ਸਕੀਮ ਅਧੀਨ ਲਿਆਂਦਾ ਜਾਵੇਗਾ।

 

ਇਸ ਤੋਂ ਇਲਾਵਾ ਇੱਕ ਨਦੀ ਵਿੱਚ ਮੱਛੀ ਪਾਲਣ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਤਜਵੀਜ਼ ਰੱਖੀ ਗਈ ਹੈ। ਇਸ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਨਿਆਂਵਾਲੀ ਵਿੱਚ ਨਵਾਂ ਮੱਛੀ ਫਾਰਮ ਸਥਾਪਿਤ ਕੀਤਾ ਜਾਵੇਗਾ ਅਤੇ 3233 ਏਕੜ ਰਕਬਾ ਮੱਛੀ ਪਾਲਣ ਅਧੀਨ ਲੈਣ ਦੀ ਯੋਜਨਾ ਹੈ।

error: Content is protected !!