ਪੁਰਾਣੇ ਆਗੂਆਂ ਨੂੰ ਅਣਗੌਲਿਆਂ ਕਰਨਾ ਕਾਂਗਰਸ ਨੂੰ ਪਵੇਗਾ ਭਾਰੀ, ਆਪਣੇ ਹੀ ਛੱਡ ਰਹੇ ਸਾਥ, ਹੁਣ ਅਗਲਾ ਕੌਣ?

ਲੋਕ ਸਭਾ ਚੋਣਾਂ ਵਿਚਾਲੇ ਅੱਜ ਕਾਂਗਰਸ ਨੂੰ ਦੂਜਾ ਵੱਡਾ ਝਟਕਾ ਲੱਗਿਆ ਹੈ। ਸਾਬਕਾ ਸੰਸਦ ਮੈਂਬਰ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਅੱਜ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਕਰਮਜੀਤ ਕੌਰ ਚੌਧਰੀ ਪਾਰਟੀ ਵਲੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਸਨ। ਕਰਮਜੀਤ ਕੌਰ ਚੌਧਰੀ ਜਲੰਧਰ ਤੋਂ ਲੋਕ ਸਭਾ ਟਿਕਟ ਦੀ ਦਾਅਵੇਦਾਰ ਸੀ ਪਰ ਕਾਂਗਰਸ ਨੇ ਉਨ੍ਹਾਂ ਦੀ ਜਗ੍ਹਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਟਿਕਟ ਦੇ ਦਿੱਤੀ। ਚੰਨੀ ਵਿਧਾਨ ਸਭਾ ਚੋਣਾਂ ਵਿਚ 2 ਸੀਟਾਂ ਤੋਂ ਹਾਰ ਗਏ ਸਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੰਸਦ ਮੈਂਬਰ ਕਰਮਜੀਤ ਕੌਰ ਚੌਧਰੀ ਦੇ ਪਤੀ ਸੰਤੋਖ ਚੌਧਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਾਂਗਰਸ ਨੇ ਜ਼ਿਮਨੀ ਚੋਣ ‘ਚ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਸੀ ਪਰ ਉਹ ‘ਆਪ’ ਦੇ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ। ਹਾਲਾਂਕਿ ਹੁਣ ਸੁਸ਼ੀਲ ਰਿੰਕੂ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ।

ਕਰਮਜੀਤ ਕੌਰ ਚੌਧਰੀ ਦੇ ਪੁੱਤਰ ਵਿਕਰਮਜੀਤ ਸਿੰਘ ਕਾਂਗਰਸ ਦੀ ਟਿਕਟ ‘ਤੇ ਫਿਲੌਰ ਤੋਂ ਵਿਧਾਇਕ ਹਨ। ਹਾਲਾਂਕਿ ਉਹ ਆਪਣੀ ਮਾਂ ਨਾਲ ਭਾਜਪਾ ‘ਚ ਸ਼ਾਮਲ ਨਹੀਂ ਹੋਏ। ਉਹ ਜਲੰਧਰ ਵਿਚ ਟਿਕਟ ਨਾ ਮਿਲਣ ਅਤੇ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਉਣ ਦਾ ਵੀ ਖੁੱਲ੍ਹ ਕੇ ਵਿਰੋਧ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਕਾਂਗਰਸ ਨਹੀਂ ਛੱਡੀ ਹੈ। ਉਹ ਫਿਲਹਾਲ ਕਾਂਗਰਸ ‘ਚ ਹੀ ਰਹਿਣਗੇ।

ਭਾਜਪਾ ਵਿਚ ਸ਼ਾਮਲ ਹੁੰਦਿਆਂ ਕਰਮਜੀਤ ਕੌਰ ਨੇ ਕਿਹਾ ਕਿ ਵਫ਼ਾਦਾਰੀ ਮੇਰੇ ਪਰਿਵਾਰ ਦੇ ਖ਼ੂਨ ਵਿਚ ਹੈ ਜਿਸ ਦੀ ਹਾਮੀ ਪੰਜਾਬ ਦੇ ਲੋਕ ਭਰਦੇ ਹਨ। ਪਰ ਵਫ਼ਾਦਾਰੀ ਦਾ ਅਰਥ ਅਪਣੇ ਸਵੈਮਾਣ ਦੇ ਖਿਲਾਫ਼ ਘੋਰ ਨਾ-ਇਨਸਾਫ਼ੀ ਬਰਸ਼ਾਦਤ ਕਰਨਾ ਨਹੀਂ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਕਾਂਗਰਸ ਲੀਡਰਸ਼ਿਪ ਲਈ ਇਕ ਡੂੰਘੀ ਆਤਮ ਪੜਚੋਲ ਕਰਨ ਦਾ ਸਮਾਂ ਹੈ ਕਿ ਕਿਉਂ ਪਾਰਟੀ ਦੇ ਦਹਾਕਿਆਂ ਪੁਰਾਣੇ ਵਫ਼ਾਦਾਰ ਪਰਿਵਾਰ ਉਹਨਾਂ ਦੀ ਕਾਰਜ਼ਸ਼ੈਲੀ ਤੋਂ ਨਿਰਾਸ਼ ਹਨ ਤੇ ਪਾਰਟੀ ਛੱਡਣ ਲਈ ਮਜਬੂਰ ਹਨ।

error: Content is protected !!