3 ਨਬਾਲਿਕ ਕੁੜੀਆਂ ਇੱਕਠੀਆਂ ਸਕੂਲ਼ੋਂ ਹੋਈਆ ਲਾਪਤਾ, ਦਿੱਤੀ ਜ਼ਰੂਰੀ ਕੰਮ ਦੀ ਅਰਜ਼ੀ, ਨਹੀਂ ਪਹੁੰਚੀਆ ਘਰ

ਥਾਣਾ ਖਾਲੜਾ ਅਧੀਨ ਪਿੰਡ ਭੈਣੀ ਮੱਸਾ ਸਿੰਘ ਦੀਆਂ 3 ਨਾਬਾਲਿਗ ਕੁੜੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਤਿੰਨੇ ਕੁੜੀਆਂ ਪਿੰਡ ਦੇ ਹੀ ਸਰਕਾਰੀ ਮਿਡਲ ਸਕੂਲ ‘ਚ ਇਕੱਠੀਆਂ ਪੜ੍ਹਦੀਆਂ ਸਨ। ਬੀਤੇ ਦਿਨੀ 9 ਮਈ ਨੂੰ ਕੁੜੀਆਂ ਸਕੂਲ ਵਿਚੋਂ ਛੁੱਟੀ ਲੈ ਕੇ ਗਈਆਂ ਸਨ, ਪਰ ਘਰ ਨਹੀਂ ਪਹੁੰਚੀਆਂ, ਜਿਸ ਪਿੱਛੋਂ ਮਾਪਿਆਂ ਨੇ ਪੁਲਿਸ ਨੂੰ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਕੀਤੀ ਹੈ।ਨਾਬਾਲਿਗ ਕੁੜੀ ਗੀਤਾ ਕੌਰ (ਉਮਰ 13 ਸਾਲ) ਦੇ ਪਿਤਾ ਸੁਖਦੇਵ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਬੀਤੇ 09.05.24 ਨੂੰ ਉਸ ਦੀ ਕੁੜੀ ਅਤੇ ਜਸਮੀਨ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਭੈਣੀ ਮੱਸਾ ਸਿੰਘ (ਉਮਰ 12 ਸਾਲ) ਅਤੇ ਥੋਵੀ ਪੁੱਤਰੀ ਜਤਿੰਦਰ ਸਿੰਘ ਵਾਸੀ ਭੈਣੀ ਮੱਸਾ ਸਿੰਘ (ਉਮਰ 13 ਸਾਲ), ਤਿੰਨੇ ਸਰਕਾਰੀ ਮਿਡਲ ਸਕੂਲ ‘ਚ ਪੜ੍ਹਦੀਆਂ ਹਨ। ਪੀੜਤ ਨੇ ਦੱਸਿਆ ਕਿ ਤਿੰਨੇ ਕੁੜੀਆਂ ਨੇ ਕਰੀਬ 12:30 ਵਜੇ ਸਕੂਲ ਵਿਚੋਂ ਮਾਸਟਰ ਹਰਭਜਨ ਸਿੰਘ ਨੂੰ ਆਪਣੀ-ਆਪਣੀ ਜਰੂਰੀ ਕੰਮ ਦੀ ਅਰਜੀ ਦੇ ਕੇ ਸਕੂਲ ਵਿੱਚੋਂ ਚਲੀਆਂ ਗਈਆਂ, ਜੋ ਘਰ ਨਹੀਂ ਪਹੁੰਚੀਆਂ। ਤਿੰਨਾ ਦੀ ਭਾਲ ਵੀ ਕੀਤੀ ਗਈ, ਪਰ ਨਹੀ ਮਿਲੀਆਂ।

ਬੱਚੀਆਂ ਦੇ ਮਾਪਿਆਂ ਨੇ ਕਿਹਾ ਕਿ ਛੁੱਟੀ ਲੈਣ ਸਮੇਂ ਦਿੱਤੀ ਅਰਜ਼ੀਆਂ ਵਿਚੋਂ 2 ਅਰਜ਼ੀਆਂ ਇੱਕੋ ਹੀ ਲੜਕੀ ਵਲੋਂ ਲਿਖੀਆਂ ਗਈਆਂ ਹਨ, ਜਦਕਿ ਇਕ ਲੜਕੀ ਵਲੋਂ ਵੱਖਰੀ ਅਰਜ਼ੀ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਕੋਲ ਕੋਈ ਫ਼ੋਨ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਉੱਪਰ ਸ਼ੱਕ ਹੈ ਕਿ ਅਜਿਹੀ ਘਟਨਾ ਕੌਣ ਕਰ ਸਕਦਾ ਹੈ?

ਇਸ ਸਬੰਧੀ ਥਾਣਾ ਖਾਲੜਾ ਦੇ ਐਸਐਚਓ ਵਿਨੋਦ ਕੁਮਾਰ ਨੇ ਫੋਨ ਉੱਪਰ ਦੱਸਿਆ ਕਿ ਪੁਲਿਸ ਨੇ ਨਾ-ਮਾਲੂਮ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕਰ ਲਿਆ ਹੈ ਅਤੇ ਸਕੂਲ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸ਼ੱਕ ਦੇ ਅਧਾਰ ‘ਤੇ ਕੁਝ ਲੋਕਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ ਪਰ ਅਜੇ ਕੋਈ ਸੁਰਾਗ ਪੁਲਿਸ ਦੇ ਹੱਥ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਪੁਲਿਸ ਵਲੋਂ ਇਹ ਮਾਮਲਾ ਸੁਲਝਾ ਲਿਆ ਜਾਵੇਗਾ।

error: Content is protected !!