ਪਟਿਆਲਾ ‘ਚ ਗਰਜੇ PM ਮੋਦੀ, ਕਿਹਾ-ਭਗਵੰਤ ਮਾਨ ਕਾਗਜ਼ੀ ਮੁੱਖ ਮੰਤਰੀ, ਭਾਜਪਾ ਕਰਤਾਰਪੁਰ ਸਾਹਿਬ ਨੂੰ ਲਿਆਵੇਗੀ ਭਾਰਤ ‘ਚ
ਪਟਿਆਲਾ (ਵੀਓਪੀ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੰਜਾਬ ਵਿੱਚ ਆਪਣੀ ਅੱਜ ਪਹਿਲੀ ਰੈਲੀ ਕੀਤੀ। ਪਟਿਆਲਾ ਵਿਖੇ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਕੀਤੀ ਗਈ ਫਤਿਹ ਰੈਲੀ ਦੌਰਾਨ ਭਾਜਪਾ ਦਾ ਠਾਠਾ ਮਾਰਦਾ ਵਰਕਰਾਂ ਦਾ ਸਮੂਹ ਹਾਜ਼ਰ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਅਤੇ ਉਹਨਾਂ ਦੇ ਨਾਲ ਮੰਚ ‘ਤੇ ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪਟਿਆਲ ਤੋਂ ਭਾਜਪਾ ਦੇ ਉਮੀਦਵਾਰ ਪਰਨੀਤ ਕੌਰ, ਉਹਨਾਂ ਦੇ ਸਪੁੱਤਰ ਕੈਪਟਨ ਰਣਇੰਦਰ ਸਿੰਘ ਤੇ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਹਾਜ਼ਰ ਸਨ।
ਆਪਣੇ ਭਾਸ਼ਣ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀ ਭਾਸ਼ਾ ਦੇ ਨਾਲ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਦੀ ਇਤਿਹਾਸਿਕ ਧਰਤੀ ਦਾ ਜ਼ਿਕਰ ਕੀਤਾ ਕਦੇ ਦੱਸਿਆ ਕਿ ਕਿਵੇਂ ਉਹਨਾਂ ਨੇ ਆਪਣੇ ਸੰਘਰਸ਼ ਦਿਨਾਂ ਵਿੱਚ ਪੰਜਾਬ ਵਿੱਚ ਕਾਫੀ ਸਮਾਂ ਬਤੀਤ ਕੀਤਾ ਹੈ। ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਸਿਆਸੀ ਗੱਠਜੋੜ ਇੰਡੀਆ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਗਜੀ ਮੁੱਖ ਮੰਤਰੀ ਕਰਾਰ ਦਿੱਤਾ ਅਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਵੇਂ ਦਿੱਲੀ ਵਾਲੇ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਕੰਮ ਕਰਦਾ ਹੈ ਅਤੇ ਆਪਣੀ ਹਾਜ਼ਰੀ ਦਿੱਲੀ ਦਰਬਾਰ ਵਿੱਚ ਜਾ ਕੇ ਲਗਵਾਉਂਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਇੱਕ ਘਟੀਆ ਮੁੱਖ ਮੰਤਰੀ ਦੇ ਹੱਥ ਪੰਜਾਬ ਦੀ ਵਾਗਡੋਰ ਸੌਂਪੀ ਹੈ, ਜੋ ਕਿ ਪੰਜਾਬ ਨੂੰ ਪਿੱਛੇ ਵੱਲ ਲੈ ਕੇ ਜਾ ਰਿਹਾ ਹੈ। ਇਸ ਦੌਰਾਨ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਉਜਵਲ ਭਵਿੱਖ ਲਈ ਵੀ ਕਈ ਯੋਜਨਾਵਾਂ ਚਾਲੂ ਕਰਨ ਅਤੇ ਮੌਜੂਦਾ ਸਮੇਂ ਵਿੱਚ ਕਿਸਾਨਾਂ ਲਈ ਕੀਤੀਆਂ ਜਾ ਰਹੀਆਂ ਵਧੀਆ ਸਕੀਮਾਂ ਦੇ ਬਾਰੇ ਵੀ ਚਾਨਣਾ ਪਾਇਆ।