ਕੋਲਕਾਤਾ ਨਾਈਟ ਰਾਈਡਰਸ ਨੇ ਜਿੱਤਿਆ IPL-2024 ਦਾ ਖਿਤਾਬ, ਸਨਰਾਈਜ਼ਰਜ਼ ਹੈਦਰਾਬਾਦ ਨੂੰ ਦਿੱਤੀ ਕਰਾਰੀ ਹਾਰ

ਕੋਲਕਾਤਾ ਨਾਈਟ ਰਾਈਡਰਸ ਨੇ ਜਿੱਤਿਆ IPL-2024 ਦਾ ਖਿਤਾਬ, ਸਨਰਾਈਜ਼ਰਜ਼ ਹੈਦਰਾਬਾਦ ਨੂੰ ਦਿੱਤੀ ਕਰਾਰੀ ਹਾਰ

ਵੀਓਪੀ ਬਿਊਰੋ- IPL-2024 ‘ਚ ਕੋਲਕਾਤਾ ਨਾਈਟ ਰਾਈਡਰਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। ਆਂਦਰੇ ਰਸਲ ਦੀ ਅਗਵਾਈ ਵਾਲੇ ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਵੈਂਕਟੇਸ਼ ਅਈਅਰ ਦੇ ਅਜੇਤੂ ਅਰਧ ਸੈਂਕੜੇ ਦੀ ਮਦਦ ਨਾਲ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਫਾਈਨਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ।

ਇਸ ਤਰ੍ਹਾਂ ਕੇਕੇਆਰ ਨੇ ਤੀਜੀ ਵਾਰ ਆਈਪੀਐਲ ਖਿਤਾਬ ਜਿੱਤਿਆ। ਕੋਲਕਾਤਾ ਨੇ ਐਤਵਾਰ ਨੂੰ ਚੇਨਈ ਦੇ ਚੇਪੌਕ ਸਟੇਡੀਅਮ ‘ਚ ਖੇਡੇ ਗਏ ਫਾਈਨਲ ‘ਚ ਗੇਂਦ ਅਤੇ ਬੱਲੇ ਦੋਹਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਨੂੰ ਕਿਸੇ ਵੀ ਸਮੇਂ ਹਾਵੀ ਨਹੀਂ ਹੋਣ ਦਿੱਤਾ। ਕੋਲਕਾਤਾ ਨੇ ਇਸ ਤੋਂ ਪਹਿਲਾਂ 2014 ਦੇ ਸੀਜ਼ਨ ‘ਚ ਪੰਜਾਬ ਕਿੰਗਜ਼ ਨੂੰ ਹਰਾ ਕੇ ਆਪਣਾ ਆਖਰੀ ਖਿਤਾਬ ਜਿੱਤਿਆ ਸੀ ਅਤੇ ਹੁਣ 10 ਸਾਲ ਬਾਅਦ ਟੀਮ ਨੇ ਫਿਰ ਤੋਂ ਟਰਾਫੀ ‘ਤੇ ਕਬਜ਼ਾ ਕੀਤਾ ਹੈ।

ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਕੋਲਕਾਤਾ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਹੈਦਰਾਬਾਦ ਨੂੰ 18.3 ਓਵਰਾਂ ‘ਚ 113 ਦੌੜਾਂ ‘ਤੇ ਹੀ ਰੋਕ ਦਿੱਤਾ। ਹੈਦਰਾਬਾਦ ਲਈ ਕਪਤਾਨ ਪੈਟ ਕਮਿੰਸ ਨੇ 19 ਗੇਂਦਾਂ ‘ਤੇ ਸਭ ਤੋਂ ਵੱਧ 24 ਦੌੜਾਂ ਬਣਾਈਆਂ। ਹੈਦਰਾਬਾਦ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ ਅਤੇ ਨਾ ਹੀ ਟੀਮ ਕੋਈ ਸਾਂਝੇਦਾਰੀ ਕਰ ਸਕੀ, ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਿਆ।

ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨੇ ਵੈਂਕਟੇਸ਼ ਅਈਅਰ ਦੀਆਂ 26 ਗੇਂਦਾਂ ‘ਤੇ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 52 ਦੌੜਾਂ ਬਣਾਈਆਂ ਅਤੇ ਵਿਕਟਕੀਪਰ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਦੀਆਂ 32 ਦੌੜਾਂ ‘ਚੋਂ ਪੰਜ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 10.3 ਓਵਰਾਂ ‘ਚ 114 ਦੌੜਾਂ ਬਣਾ ਕੇ ਜਿੱਤੀ ਦਰਜ ਕਰ ਲਈ।

error: Content is protected !!