ਬਾਹਰੋ ਆ ਕੇ ਚੰਨੀ ਨੇ ਚੌਧਰੀ ਪਰਿਵਾਰ ਤੇ ਕੇਪੀ ਲਾਏ ਖੂੰਝੇ, ਪੜ੍ਹੋ ਕੀ ਰਿਹਾ ਹੈ ਜਲੰਧਰ ‘ਚ ਕਾਂਗਰਸ ਦਾ ਇਤਿਹਾਸ

ਬਾਹਰੋ ਆ ਕੇ ਚੰਨੀ ਨੇ ਚੌਧਰੀ ਪਰਿਵਾਰ ਤੇ ਕੇਪੀ ਲਾਏ ਖੂੰਝੇ, ਪੜ੍ਹੋ ਕੀ ਰਿਹਾ ਹੈ ਜਲੰਧਰ ‘ਚ ਕਾਂਗਰਸ ਦਾ ਇਤਿਹਾਸ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਜਲੰਧਰ ‘ਚ ਚਰਨਜੀਤ ਸਿੰਘ ਚੰਨੀ ਦੀ ਜਿੱਤ ਨੇ ਸਾਰੇ ਸਿਆਸੀ ਵਿਰੋਧੀਆਂ ਨੂੰ ਚਿੱਤ ਕਰ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਦੀ ਜਲੰਧਰ ਸੀਟ ਤੋਂ ਜਿੱਤ ਉਨ੍ਹਾਂ ਲਈ ਨਿੱਜੀ ਤੌਰ ‘ਤੇ ਅਤੇ ਪਾਰਟੀ ਦੇ ਲਈ ਬੇਹੱਦ ਜ਼ਰੂਰੀ ਵੀ ਸੀ। ਜਲੰਧਰ ਕਾਂਗਰਸ ਦਾ ਸ਼ੁਰੂ ਤੋਂ ਹੀ ਗੜ੍ਹ ਰਿਹਾ ਹੈ, ਚੌਧਰੀ ਪਰਿਵਾਰ ਦੀ ਜਲੰਧਰ ‘ਚ ਸਰਦਾਰੀ ਕਾਇਮ ਰਹੀ ਹੈ। 1999 ਤੋਂ ਕਾਂਗਰਸ ਲਗਾਤਾਰ ਜਲੰਧਰ ਸੀਟ ਤੋਂ ਲੋਕ ਸਭਾ ਚੋਣ ਜਿੱਤਦੀ ਆ ਰਹੀ ਹੈ, ਬਲਬੀਰ ਸਿੰਘ, ਰਾਣਾ ਗੁਰਜੀਤ ਸਿੰਘ ਤੇ ਮਹਿੰਦਰ ਸਿੰਘ ਕੇਪੀ ਇਸ ਸੀਟ ਤੋਂ ਲੋਕ ਸਭਾ ਚੋਣ ਜਿੱਤਦੇ ਆਏ ਹਨ। ਇਸ ਤੋਂ ਬਾਅਦ ਸੰਤੋਖ ਸਿੰਘ ਚੌਧਰੀ ਲਗਾਤਾਰ 2 ਵਾਰ 2014 ਤੇ 2019 ਵਿੱਚ ਜਲੰਧਰ ਸੀਟ ਤੋਂ ਕਾਂਗਰਸ ਵੱਲੋਂ ਲੋਕ ਸਭਾ ਚੋਣ ਜਿੱਤੇ।

ਇਸ ਤੋਂ ਪਹਿਲਾਂ ਵੀ ਅਜ਼ਾਦੀ ਦੇ ਬਾਅਦ ਤੋਂ 1999 ਤੱਕ ਜ਼ਿਆਦਾਤਰ ਕਾਂਗਰਸ ਦਾ ਹੀ ਜਲੰਧਰ ਸੀਟ ‘ਤੇ ਕਬਜ਼ਾ ਰਿਹਾ ਹੈ। ਜਲੰਧਰ ਦੇ ਲੋਕ ਸ਼ੁਰੂ ਤੋਂ ਹੀ ਕਾਂਗਰਸ ‘ਤੇ ਆਪਣਾ ਵਿਸ਼ਵਾਸ ਦਿਖਾਉਂਦੇ ਰਹੇ ਹਨ। ਇਸ ਸਮੇਂ ਦੌਰਾਨ 2023 ‘ਚ ਜਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੰਤੋਖ ਸਿੰਘ ਚੌਧਰੀ ਦਾ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ ਤਾਂ ਜਲੰਧਰ ਸੀਟ ਤੋਂ ਜ਼ਿਮਨੀ ਚੋਣ ਕਰਵਾਈ ਗਈ। ਇਸ ਦੌਰਾਨ ਭਾਰੀ ਬਹੁਮਤ ਦੇ ਨਾਲ ਪੰਜਾਬ ਦੀ ਸੱਤਾ ਹਾਸਿਲ ਕਰ ਚੁੱਕੀ ਆਮ ਆਦਮੀ ਪਾਰਟੀ ਵੀ ਜਲੰਧਰ ਸੀਟ ਤੋਂ ਪੂਰੇ ਜ਼ੋਰ ਦੇ ਨਾਲ ਆਪਣਾ ਦਾਅਵਾ ਠੋਕ ਚੁੱਕੀ ਸੀ। ਇਕ ਪਾਸੇ ਭਾਜਪਾ, ਬਸਪਾ, ਅਕਾਲੀ ਦਲ ਤੇ ਦੂਜੇ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਸੀਟ ‘ਤੇ 2023 ‘ਚ ਜ਼ਿਮਨੀ ਚੋਣ ਵਿੱਚ ਉਮੀਦਵਾਰ ਦੇ ਐਲਾਨ ਦੇ ਨਾਲ ਕਾਂਗਰਸ ਲਈ ਇਸ ਸੀਟ ਨੂੰ ਬਚਾਉਣਾ ਬਹੁਤ ਵੱਡੀ ਚੁਣੌਤੀ ਬਣ ਗਈ ਸੀ।

ਕਾਂਗਰਸ ਨੇ ਜ਼ਿਮਨੀ ਚੋਣ ਲਈ ਸਵ. ਸੰਤੋਖ ਸਿੰਘ ਚੌਧਰੀ ਦੀ ਧਰਮਪਤਨੀ ਕਰਮਜੀਤ ਕੌਰ ਨੂੰ ਮੈਦਾਨ ‘ਚ ਉਤਾਰਿਆ ਤਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰ ਕੇ ਕਰਮਜੀਤ ਕੌਰ ਦੇ ਖਿਲਾਫ ਜਲੰਧਰ ਲੋਕ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰ ਦਿੱਤਾ। ਦੂਜੇ ਪਾਸੇ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰ ਕੇ ਡਾ. ਸੁਖਵਿੰਦਰ ਸੁੱਖੀ ਨੂੰ ਅਤੇ ਭਾਜਪਾ ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਲੰਧਰ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਦੇ ਵਿਰੋਧ ਵਿੱਚ ਉਮੀਦਵਾਰ ਐਲਾਨ ਦਿੱਤਾ। ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੇ ਵੀ ਇਸ ਸੀਟ ਨੂੰ ਜਿੱਤਣ ਲ਼ਈ ਪੂਰੀ ਵਾਹ ਲਗਾ ਦਿੱਤੀ ਅਤੇ ਅੰਤ ‘ਚ ਸੁਸ਼ੀਲ ਰਿੰਕੂ ਕਾਂਗਰਸ ਦਾ ਕਿਲਾ ਢਾਹੁੰਦੇ ਹੋਏ ਜਲੰਧਰ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਜੇਤੂ ਬਣੇ।

ਆਖਿਰ 24 ਸਾਲ ਤੋਂ ਲਗਾਤਾਰ ਕਾਂਗਰਸ ਦਾ ਗੜ੍ਹ ਰਹੀ ਲੋਕ ਸਭਾ ਸੀਟ ਉਨ੍ਹਾਂ ਦੇ ਹੱਥ ‘ਚੋਂ ਨਿਕਲ ਚੁੱਕੀ ਸੀ। ਵਿਧਾਨ ਸਭਾ ਚੋਣਾਂ 2022 ‘ਚ ਪਹਿਲਾਂ ਹੀ ਕਰਾਰੀ ਹਾਰ ਦਾ ਸਾਹਮਣਾ ਕਰ ਕੇ ਪੰਜਾਬ ਦੀ ਸੱਤਾ ਤੋਂ ਬਾਹਰ ਹੋ ਚੁੱਕੀ ਕਾਂਗਰਸ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ। ਆਪਣਾ ਕਿਲਾ ਢਹਿਣ ਤੋਂ ਬਾਅਦ ਕਾਂਗਰਸ ਲਈ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ ਵੀ ਪੁਖਤਾ ਢੰਗ ਨਾਲ ਕਰਨ ਦੀ ਜ਼ਰੂਰਤ ਸੀ। ਇਸ ਵਾਰ ਜੇਕਰ ਕਾਂਗਰਸ ਨੂੰ ਜਿੱਤ ਦਰਜ ਕਰਨੀ ਸੀ ਤਾਂ ਜਲੰਧਰ ਤੋਂ ਕੋਈ ਅਜਿਹੇ ਉਮੀਦਵਾਰ ਦੀ ਲੋੜ ਸੀ, ਜੋ ਕਾਂਗਰਸ ਨੂੰ ਦੁਆਬੇ ‘ਚ ਮੁੜ ਤੋਂ ਸੁਰਜੀਤ ਕਰ ਸਕੇ।

ਇਸ ਦੇ ਨਾਲ ਹੀ ਜਦ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤਾਂ ਕਾਂਗਰਸ ਨੇ ਵੀ ਜਲੰਧਰ ਸੀਟ ‘ਤੇ ਮੁੜ ਤੋਂ ਕਬਜ਼ਾ ਕਰਨ ਦੇ ਲਈ ਅਤੇ ਵੱਡੀ ਜਿੱਤ ਪ੍ਰਾਪਤ ਕਰ ਕੇ ਆਪਣੇ ਵਰਕਰਾਂ ਵਿੱਚ ਜੋਸ਼ ਭਰਨ ਦੇ ਲਈ ਕੋਈ ਅਜਿਹੇ ਉਮੀਦਵਾਰ ਦੀ ਭਾਲ ਸ਼ੁਰੂ ਕਰ ਦਿੱਤੀ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਸਮਝ ਸਕੇ ਅਤੇ ਜੋ ਲੋਕਾਂ ਦੀ ਪਸੰਦ ਹੋਵੇ। ਅਜਿਹੇ ਵਿੱਚ ਚੌਧਰੀ ਪਰਿਵਾਰ ਚਾਹੇ ਕਾਂਗਰਸ ਦਾ ਟਕਸਾਲੀ ਪਰਿਵਾਰ ਸੀ ਅਤੇ ਦਿੱਲੀ ਹਾਈਕਮਾਂਡ ਤੱਕ ਤੂਤੀ ਬੋਲਦੀ ਸੀ ਪਰ ਫਿਰ ਸੀ ਚੌਧਰੀ ਪਰਿਵਾਰ ਲੋਕਾਂ ‘ਚ ਇੰਨਾ ਪਿਆਰਾ ਨਹੀਂ ਰਿਹਾ ਸੀ। ਲੋਕ ਚੌਧਰੀ ਪਰਿਵਾਰ ਨੂੰ ਵੀ ਸ਼ਾਹੀ ਪਰਿਵਾਰ ਮੰਨਣ ਲੱਗੇ ਸਨ ਅਤੇ ਕਹਿ ਰਹੇ ਸਨ ਕਿ ਚੌਧਰੀ ਪਰਿਵਾਰ ਦੇ ਤੌਰ ਤਰੀਕੇ ਆਮ ਲੋਕਾਂ ਨੂੰ ਪਸੰਦ ਨਹੀਂ ਆ ਰਹੇ ਹਨ।

ਅਜਿਹੇ ਵਿੱਚ ਹੀ ਕਾਂਗਰਸ ਨੇ ਜਲੰਧਰ ਸੀਟ ਤੋਂ ਚੌਧਰੀ ਪਰਿਵਾਰ ਦੀ ਟਿਕਟ ਕੱਟਣ ਦਾ ਫੈਸਲਾ ਕੀਤਾ ਅਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੇ ਕਿਸੇ ਉਮੀਦਵਾਰ ਨੂੰ ਇੱਥੇ ਲਿਆਉਣ ਦਾ ਫੈਸਲਾ ਕੀਤਾ। ਇਸ ਦੌਰਾਨ ਜਦ ਚੌਧਰੀ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਜਲੰਧਰ ਸੀਟ ਤੋਂ ਇਸ ਵਾਰ ਟਿਕਟ ਕੱਟੀ ਜਾ ਸਕਦੀ ਹੈ, ਤਾਂ ਉਨ੍ਹਾਂ ਨੇ ਪਾਰਟੀ ਦੇ ਖਿਲਾਫ ਹੀ ਬਗਾਵਤੀ ਸੁਰ ਅਪਣਾ ਲਏ। ਇਸ ਦੌਰਾਨ ਗੱਲ ਸ਼ੁਰੂ ਹੋਈ ਕਿ ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਸਨ, ਉਨ੍ਹਾਂ ਨੂੰ ਕਾਂਗਰਸ ਜਲੰਧਰ ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰ਼ ਬਣਾਉਣ ਲਈ ਤਿਆਰੀ ਕਰ ਚੁੱਕੀ ਸੀ।

ਇਸ ਤੋਂ ਬਾਅਦ ਸਾਰੀ ਉਮਰ ਅਤੇ ਕਈ ਪੁਸ਼ਤਾ ਕਾਂਗਰਸ ਦੇ ਸਿਰ ਤੋਂ ਖਾਣ ਤੋਂ ਬਾਅਦ ਵੀ ਚੌਧਰੀ ਪਰਿਵਾਰ ਪਾਰਟੀ ਦਾ ਨਾ ਹੋ ਕੇ ਆਪਣੇ ਨਿੱਜੀ ਮੁਨਾਫੇ ਦੇ ਲਈ ਪਾਰਟੀ ਤੋਂ ਕਿਨਾਰਾ ਕਰ ਗਿਆ। ਇਸ ਦੌਰਾਨ ਸਵ. ਸੰਤੋਖ ਸਿੰਘ ਚੌਧਰੀ ਦਾ ਪੁੱਤਰ ਵਿਕਰਮ ਸਿੰਘ ਚੌਧਰੀ ਵੀ ਜਲੰਧਰ ਅਧੀਨ ਆਉਂਦੇ ਹਲਕੇ ਫਿਲੌਰ ਤੋਂ ਕਾਂਗਰਸ ਦਾ ਵਿਧਾਇਕ ਹੈ, ਉਹ ਵੀ ਚਰਨਜੀਤ ਸਿੰਘ ਦੇ ਖਿਲਾਫ ਬਿਆਨਬਾਜ਼ੀ ਕਰਨ ਲੱਗਾ। ਇਸ ਸਮੇਂ ਤੱਕ ਪਾਰਟੀ ਅਤੇ ਲੋਕਾਂ ਦੀ ਭਲਾਈ ਛੱਡ ਕੇ ਚੌਧਰੀ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਕਾਂਗਰਸ ‘ਚ ਬਗਾਵਤ ਕਰ ਚੁੱਕਾ ਸੀ।

ਦੂਜੇ ਪਾਸੇ ਕਾਂਗਰਸ ਹਾਈਕਮਾਂਡ ਨੇ ਵੀ ਜਲੰਧਰ ਤੋਂ ਲੋਕਾਂ ਦੀ ਅਵਾਜ਼ ਬਣ ਚੁੱਕੇ ਅਤੇ ਪਾਰਟੀ ਦੇ ਹਿੱਤਾਂ ਨੂੰ ਦੇਖਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਐਲਾਨ ਦਿੱਤਾ। ਅੰਤ ਚੌਧਰੀ ਪਰਿਵਾਰ ਦੀ ਬਗਾਵਤ ਤੇਜ਼ ਹੋ ਗਈ ਅਤੇ ਜਿੱਥੇ ਵਿਕਰਮ ਸਿੰਘ ਚੌਧਰੀ ਨੇ ਆਪਣੇ ਅਹੁਦੇ ਦੇ ਲਾਲਚ ਵਿੱਚ ਕਾਂਗਰਸ ਵਿੱਚ ਰਹਿ ਕੇ ਹੀ ਬਗਾਵਤ ਕਰਕੇ ਪਾਰਟੀ ਨੂੰ ਅੰਦਰੋਂ ਖੋਖਲਾ ਕਰਨਾ ਸ਼ੁਰੂ ਕਰ ਦਿੱਤਾ, ਉੱਥੇ ਹੀ ਉਸ ਦੀ ਮਾਤਾ ਕਰਮਜੀਤ ਕੌਰ ਨੇ ਕਾਂਗਰਸ ਨੂੰ ਅਲਵੀਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ। ਜਿੱਥੇ ਕਾਂਗਰਸ ਨੇ ਸ਼ੁਰੂ ਤੋਂ ਹੀ ਚੌਧਰੀ ਪਰਿਵਾਰ ਨੂੰ ਆਪਣੀਆਂ ਪਲਕਾਂ ‘ਤੇ ਬਿਠਾ ਕੇ ਰੱਖਿਆ ਸੀ, ਉੱਥੇ ਭਾਜਪਾ ਵਿੱਚ ਸ਼ਾਮਲ ਹੋ ਕੇ ਕਰਮਜੀਤ ਕੌਰ ਸਾਈਡ ਲਾਈਨ ਹੋ ਗਈ।

ਇਸ ਦੌਰਾਨ ਚਰਨਜੀਤ ਸਿੰਘ ਚੰਨੀ ਲਈ ਮੁਸੀਬਤ ਹੋਰ ਵੀ ਵਧ ਗਈ, ਜਦ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੇ ਵੀ ਟਿਕਟ ਦੇ ਲਾਲਚ ਵਿੱਚ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ। ਇਸ ਤੋਂ ਇਹ ਤਾਂ ਸਾਫ ਹੋ ਗਿਆ ਕਿ ਇਹ ਲੋਕ ਵਿਕਾਸ ਲਈ ਨਹੀਂ, ਸਗੋਂ ਕਿ ਆਪਣੇ ਹੀ ਭਲੇ ਲਈ ਵਿਚਰ ਰਹੇ ਹਨ, ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਕੋਈ ਪਰਵਾਹ ਨਹੀਂ ਸੀ, ਜਿਸ ਤੋਂ ਸਾਰੀ ਉਮਰ ਉਨ੍ਹਾਂ ਨੇ ਖਾਦਾ ਹੋਵੇ। ਚਰਨਜੀਤ ਸਿੰਘ ਚੰਨੀ ਦੇ ਲਈ ਵੀ ਇਹ ਮੁਸੀਬਤ ਸੀ ਕਿ ਇੱਕ ਤੋਂ ਬਾਅਦ ਇੱਕ ਸੀਨੀਅਰ ਆਗੂ ਕਾਂਗਰਸ ਛੱਡ ਕੇ ਜਾ ਰਹੇ ਹਨ ਅਤੇ ਅਜਿਹੇ ਵਿੱਚ ਵਰਕਰਾਂ ਨੂੰ ਇਕਜੁੱਟ ਕਿਵੇਂ ਰੱਖਿਆ ਜਾ ਸਕਦਾ ਹੈ, ਇੱਕ ਤਾਂ ਚਰਨਜੀਤ ਸਿੰਘ ਚੰਨੀ ਜਲੰਧਰ ‘ਚ ਬਾਹਰੀ ਉਮੀਦਵਾਰ ਸੀ, ਉੱਪਰੋਂ ਲੋਕਲ ਲੀਡਰ ਉਨ੍ਹਾਂ ਦਾ ਸਾਥ ਛੱਡ ਰਹੇ ਸਨ, ਤਾਂ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਲਈ ਇਸ ਵਾਰ ਵੀ ਜਲੰਧਰ ਤੋਂ ਸੀਟ ਬਚਾਉਣਾ ਮੁਸ਼ਕਲ ਹੋ ਜਾਵੇਗਾ।

ਇਨ੍ਹਾਂ ਸਾਰਿਆਂ ਹਾਲਾਤਾਂ ਵਿੱਚ ਵੀ ਚਰਨਜੀਤ ਸਿੰਘ ਚੰਨੀ ਨਹੀਂ ਘਬਰਾਏ ਅਤੇ ਸਿਆਸੀ ਵਿਰੋਧੀਆਂ ਵੱਲੋਂ ਉਨ੍ਹਾਂ ਉੱਪਰ ਕੱਸੇ ਜਾ ਰਹੇ ਨਿੱਜੀ ਤੰਜਾਂ ਤੋਂ ਬਾਅਦ ਵੀ ਉਹ ਆਪਣੇ ਚੋਣ ਪ੍ਰਚਾਰ ਵਿੱਚ ਡਟੇ ਰਹੇ। ਕਦੇ ਹਾਸੇ-ਖੇਡੀਆਂ ਤੇ ਕਦੇ ਹਲਕੇ-ਫੁਲਕੇ ਮਜਾਕ ਦੇ ਨਾਲ ਚਰਨਜੀਤ ਸਿੰਘ ਚੰਨੀ ਲਗਾਤਾਰ ਲੋਕਾਂ ਵਿੱਚ ਵਿਚਰਦੇ ਰਹੇ। ਇਸ ਦੌਰਾਨ ਜਲੰਧਰ ਦੇ ਲੋਕ ਵੀ ਚਰਨਜੀਤ ਚੰਨੀ ਦੇ ਨਾਲ ਘੁੱਲ-ਮਿਲ ਰਹੇ ਸਨ ਅਤੇ ਲੋਕ ਜਿਵੇਂ ਦਾ ਨੇਤਾ ਚਾਹੁੰਦੇ ਹਨ, ਚਰਨਜੀਤ ਸਿੰਘ ਚੰਨੀ ਉਸੇ ਤਰ੍ਹਾਂ ਦਾ ਲੋਕਾਂ ਸਾਹਮਣੇ ਪੇਸ਼ ਹੋ ਰਹੇ ਸਨ।

ਅੰਤ ਇੱਕ ਜੂਨ ਨੂੰ ਵੋਟਿੰਗ ਦਾ ਦਿਨ ਆਇਆ ਅਤੇ ਲੋਕਾਂ ਨੇ ਵੱਧ-ਚੜ੍ਹ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। 4 ਜੂਨ ਨੂੰ ਐਲਾਨੇ ਨਤੀਜਿਆਂ ਵਿੱਚ ਚਰਨਜੀਤ ਸਿੰਘ ਚੰਨੀ ਪਹਿਲੇ ਗੇੜ ਤੋਂ ਹੀ ਲਗਾਤਾਰ ਸਿਆਸੀ ਵਿਰੋਧੀਆਂ ‘ਤੇ ਭਾਰੀ ਰਹੇ। ਆਪਣਿਆਂ ਦਾ ਵਿਰੋਧ ਤੇ ਵਿਰੋਧੀਆਂ ਦੇ ਨਿੱਜੀ ਤੰਜ ਵੀ ਚਰਨਜੀਤ ਚੰਨੀ ਦਾ ਕੁਝ ਨਹੀਂ ਵਿਗਾੜ ਸਕੇ। ਅੰਤ ਚਰਨਜੀਤ ਸਿੰਘ ਚੰਨੀ 1,75,993 ਵੋਟਾਂ ਦੇ ਨਾਲ ਜੇਤੂ ਰਹੇ। ਜਲੰਧਰ ਵਾਸੀਆਂ ਵੱਲੋਂ ਮਿਲੇ ਭਰਪੂਰ ਪਿਆਰ ਤੋਂ ਬਾਅਦ ਕਾਂਗਰਸ ਨੇ ਇੱਕ ਸਾਲ ਬਾਹਰ ਰਹਿਣ ਤੋਂ ਬਾਅਦ ਫਿਰ ਤੋਂ ਜਲੰਧਰ ਸੀਟ ਆਪਣੇ ਕਬਜ਼ੇ ‘ਚ ਕਰ ਲਈ। ਚੌਧਰੀ ਪਰਿਵਾਰ, ਮਹਿੰਦਰ ਸਿੰਘ ਕੇਪੀ ਤੇ ਸੁਸ਼ੀਲ ਰਿੰਕੂ ਵੀ ਕਾਂਗਰਸ ਦੇ ਵੋਟ ਬੈਂਕ ਨੂੰ ਚੰਨੀ ਤੋਂ ਵੱਖ ਨਹੀਂ ਕਰ ਸਕੇ।

ਇਸ ਜਿੱਤ ਦੇ ਨਾਲ ਵਿਧਾਨ ਸਭਾ ਚੋਣਾਂ ‘ਚ 2 ਸੀਟਾਂ ਤੋਂ ਹਾਰੇ ਚਰਨਜੀਤ ਸਿੰਘ ਚੰਨੀ ਤੋਂ ਹਾਰ ਦਾ ਦਾਗ ਵੀ ਧੋ ਹੋ ਗਿਆ ਅਤੇ ਕਾਂਗਰਸ ਨੇ ਵੀ ਆਪਣਾ ਗੜ੍ਹ ਜਲੰਧਰ ਫਿਰ ਤੋਂ ਕਬਜ਼ੇ ‘ਚ ਲੈ ਲਿਆ। ਸਿਆਸੀ ਵਿਰੋਧੀਆਂ ਵੱਲੋਂ ਲਗਾਤਾਰ ਲੂਜ਼ਰ ਦਾ ਮਿਲਿਆ ਖਿਤਾਬ ਵੀ ਚੰਨੀ ਨੇ ਰਿਕਾਰਡ ਜਿੱਤ ਦਰਜ ਕਰ ਕੇ ਲਾਹ ਦਿੱਤਾ ਅਤੇ ਆਪਣੀ ਜਿੱਤ ਦੇ ਨਾਲ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਆਉਣ ਵਾਲੇ ਸਮੇਂ ਵਿੱਚ ਚਰਨਜੀਤ ਸਿੰਘ ਚੰਨੀ ਜਲੰਧਰ ਹਲਕੇ ਦੀਆਂ ਸਮੱਸਿਆਵਾਂ ਨੂੰ ਪਾਰਲੀਮੈਂਟ ‘ਚ ਚੁੱਕ ਕੇ ਆਮ ਲੋਕਾਂ ਦੀ ਅਵਾਜ਼ ਬਣੇ, ਇਹ ਹੀ ਹਰ ਇੱਕ ਦੀ ਇੱਛਾ ਹੈ।

error: Content is protected !!