ਕੰਗਨਾ ਨੇ ਜਿਨ੍ਹਾਂ ਕਿਸਾਨ ਔਰਤਾਂ ਨੂੰ 100 ਰੁਪਏ ਦਿਹਾੜੀ ਵਾਲੀਆਂ ਕਿਹਾ ਸੀ ਉਹ ਸੀ ਕੁਲਵਿੰਦਰ ਕੌਰ ਦੀ ਮਾਂ, ਕਪੂਰਥਲਾ ਨਾਲ ਸਬੰਧਤ ਹੈ CISF ਜਵਾਨ
ਵੀਓਪੀ ਬਿਊਰੋ- ਚੰਡੀਗੜ੍ਹ ਏਅਰਪੋਰਟ ਉੱਤੇ ਬਾਲੀਵੁੱਡ ਅਭਿਨੇਤਰੀ ਅਤੇ ਹਿਮਾਚਲ ਦੀ ਮੰਡੀ ਸੀਟ ਤੋਂ ਹਾਲ ਹੀ ਵਿੱਚ ਚੁਣੀ ਗਈ ਲੋਕ ਸਭਾ ਮੈਂਬਰ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੂੰ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਮਾਰਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਰੇ ਪਾਸੇ ਸੁਰਖੀਆਂ ਵਿੱਚ ਹੈ, ਜਿੱਥੇ ਕੁਝ ਲੋਕ ਇਸ ਕਾਰਵਾਈ ਨੂੰ ਗਲਤ ਦੱਸ ਰਹੇ ਹਨ, ਉਥੇ ਹੀ ਕਾਫੀ ਵੱਡੀ ਤਾਦਦ ਵਿੱਚ ਲੋਕ ਕੰਗਨਾ ਦੇ ਥੱਪੜ ਮਾਰਨ ਦੀ ਘਟਨਾ ਨੂੰ ਸਹੀ ਦੱਸ ਰਹੇ ਹਨ।
ਇਸ ਦੌਰਾਨ ਹੀ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਵੀ ਕੰਗਨਾ ਰਾਨੌਤ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਖਿਲਾਫ ਜ਼ਹਿਰ ਉਗਲਿਆ ਹੈ, ਕੰਗਨਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅੱਤਵਾਦ ਬਹੁਤ ਵੱਧ ਗਿਆ ਹੈ। ਦੂਜੇ ਪਾਸੇ ਜਦ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਸੁਰੱਖਿਆ ਕਰਮਚਾਰੀ ਕੁਲਵਿੰਦਰ ਕੌਰ ਦਾ ਕਹਿਣਾ ਸੀ ਕਿ ਕੰਗਨਾ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਅਤੇ ਔਰਤਾਂ ਬਾਰੇ ਦਿੱਤੇ ਗਏ 100 ਰੁਪਏ ਵਾਲੇ ਬਿਆਨ ਨੂੰ ਲੈ ਕੇ ਉਸ ਵਿੱਚ ਨਾਰਾਜ਼ਗੀ ਸੀ। ਉਸਨੇ ਕਿਹਾ ਕਿ ਫਾਰਮਰ ਪ੍ਰੋਟੈਸਟ ਦੌਰਾਨ ਉਸਦੀ ਮਾਂ ਵੀ ਮੌਜੂਦ ਸੀ, ਇਸ ਲਈ ਕੰਗਨਾ ਵੱਲੋਂ 100 ਰੁਪਏ ਦਿਹਾੜੀ ‘ਤੇ ਔਰਤਾਂ ਲਿਆਉਣ ਦੀ ਗੱਲ ਕਹਿ ਕੇ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ। ਇਸੇ ਲਈ ਉਸਨੇ ਥੱਪੜ ਮਾਰ ਕੇ ਕੰਗਨਾ ਰਣੌਤ ਨੂੰ ਅਕਲ ਸਿਖਾਈ ਹੈ।
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਤਲਵੰਡੀ ਚੌਧਰੀਆਂ ਦੇ ਪਿੰਡ ਮੀਆਂਵਾਲ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ 12 ਸਾਲ ਪਹਿਲਾਂ ਜੰਮੂ ਵਿੱਚ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਹੈ। ਖਾਸ ਗੱਲ ਇਹ ਹੈ ਕਿ ਜਿਸ ਔਰਤ ਦੀ ਫੋਟੋ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਦਿਖਾਈ ਸੀ ਅਤੇ ਦਾਅਵਾ ਕੀਤਾ ਸੀ ਕਿ ਅਜਿਹੀਆਂ ਔਰਤਾਂ ਸੌ-ਸੌ ਰੁਪਏ ਲੈ ਕੇ ਧਰਨੇ ‘ਚ ਬੈਠੀਆਂ ਹਨ, ਉਹ 75 ਸਾਲਾ ਔਰਤ ਕੁਲਵਿੰਦਰ ਕੌਰ ਦੀ ਮਾਂ ਵੀਰ ਕੌਰ ਹੈ। ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਜਥੇਬੰਦਕ ਸਕੱਤਰ ਹੈ। ਇਹ ਯੂਨੀਅਨ ਸਰਵਨ ਸਿੰਘ ਪੰਧੇਰ ਦੀ ਅਗਵਾਈ ਵਾਲੀ ਯੂਨੀਅਨ ਨਾਲ ਜੁੜੀ ਹੋਈ ਹੈ। ਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਦੀ ਇਸ ਹਰਕਤ ਨੂੰ ਬਿਲਕੁਲ ਵੀ ਠੀਕ ਨਹੀਂ ਸਮਝਦਾ ਪਰ ਕਿਸਾਨ ਸੰਘਰਸ਼ ਦੌਰਾਨ ਕੰਗਨਾ ਵੱਲੋਂ ਦਿੱਤਾ ਗਿਆ ਬਿਆਨ ਵੀ ਠੀਕ ਨਹੀਂ ਸੀ ।