ਦੋ ਵਾਰ ਹਾਰ ਦਾ ਸਵਾਦ ਚੱਖ ਚੁੱਕੇ ਮਹਿੰਦਰ ਭਗਤ ‘ਤੇ ਦਾਅ ਲਗਾਉਣਾ ਆਪ ਲਈ ਸਹੀ ਜਾਂ ਗਲਤ, ਦੇਖੋ ਆਂਕੜੇ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਜਲੰਧਰ ਵੈਸਟ ਤੋਂ ਹੋਣ ਵਾਲੀ ਉਪ ਚੌਣ ਲਈ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ| ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਲਈ ਇਹ ਸੀਟ ਨੱਕ ਦਾ ਸਵਾਲ ਹੈ| ਇਸ ਲਈ ਉਹ ਇਸ ਸੀਟ ‘ਤੇ ਐਸੇ ਉਮੀਦਵਾਰ ਨੂੰ ਚਾਹੁੰਦੇ ਨੇ ਜੋ ਜਿੱਤ ਸਕੇ| ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਵਲੋਂ ਪਾਰਟੀ ਛੱਡਣ ਤੋਂ ਬਾਅਦ ਕੋਈ ਧਾਕੜ ਉਮੀਦਵਾਰ ਨਹੀਂ ਹੈ, ਜਿਸ ਦੀ ਜਿੱਤ ਯਕੀਨੀ ਹੋਵੇ|

ਫਿਲਹਾਲ ਆਪ ਹਾਈਕਮਾਂਡ ਭਾਜਪਾ ਤੋਂ ਆਏ ਮਹਿੰਦਰ ਭਗਤ ਨੂੰ ਆਪਣੇ ਉਮੀਦਵਾਰ ਦੇ ਤੌਰ ‘ਤੇ ਦੇਖ ਰਹੀ ਹੈ| ਜਲੰਧਰ ਪੱਛਮੀ ਦੀ ਸਿਆਸਤ ‘ਚ ਭਗਤ ਪਰਿਵਾਰ ਭਾਜਪਾ ਦੇ ਸਰਗਰਮ ਆਗੂਆਂ ‘ਚੋਂ ਸਭ ਤੋਂ ਅੱਗੇ ਸੀ| ਮਹਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਦੀ ਇਸ ਇਲਾਕੇ ਵਿਚ ਚੰਗੀ ਪਕੜ ਹੈ ਅਤੇ ਉਹ ਇਥੋਂ ਜਿੱਤ ਕੇ ਕੈਬਿਨੇਟ ਮੰਤਰੀ ਵੀ ਬਣੇ| ਇਸ ਇਲਾਕੇ ‘ਚ ਭਗਤ ਬਿਰਾਦਰੀ ਦਾ ਇੱਕ ਵੱਡਾ ਵੋਟ ਬੈਂਕ ਹੈ, ਜਿਸ ਕਰਕੇ ਆਪ ਹਾਈਕਮਾਂਡ ਵੀ ਮਹਿੰਦਰ ਭਗਤ ਬਾਰੇ ਵਿਚਾਰ ਕਰ ਰਹੀ ਹੈ|

ਪਰ ਤੁਹਾਨੂੰ ਦੱਸ ਦੇਈਏ ਕਿ 2017 ’ਚ ਇਸ ਸੀਟ ਤੋਂ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਤ੍ਰਿਕੋਣੀ ਟੱਕਰ ਦੌਰਾਨ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਨੂੰ 17344 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਨ੍ਹਾਂ ਚੋਣਾਂ ਦੌਰਾਨ ਸੁਸ਼ੀਲ ਰਿੰਕੂ ਨੂੰ 53983 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਮਹਿੰਦਰ ਭਗਤ ਨੂੰ 36649 ਵੋਟਾਂ ਮਿਲੀਆਂ।ਆਪ ਦੇ ਉਮੀਦਵਾਰ ਦਰਸ਼ਨ ਲਾਲ ਭਗਤ ਨੂੰ 15364 ਵੋਟਾਂ ਮਿਲੀਆਂ ਸਨ।

ਮਹਿੰਦਰ ਭਗਤ ਨੇ 2022 ਵਿਚ ਵੀ ਇਸ ਸੀਟ ‘ਤੇ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ ਅਤੇ ਤੀਜੇ ਨੰਬਰ ‘ਤੇ ਰਹੇ ਸਨ। ਉਦੋਂ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੁਰਾਲ ਨਾਲ ਸੀ। ਸ਼ੀਤਲ ਨੇ 39001 ਵੋਟਾਂ ਨਾਲ ਜਿੱਤ ਦਰਜ ਕੀਤੀ ਅਤੇ ਮਹਿੰਦਰ ਨੂੰ 33279 ਵੋਟਾਂ ਮਿਲੀਆਂ ਸਨ। ਆਂਕੜਿਆ ਦੇ ਹਿਸਾਬ ਨਾਲ ਦੋ ਵਾਰ ਹਾਰ ਦਾ ਸਵਾਦ ਚੱਖ ਚੁੱਕੇ ਮਹਿੰਦਰ ਭਗਤ ‘ਤੇ ਦਾਅ ਲਗਾਉਣਾ ਆਪ ਨੂੰ ਭਾਰੀ ਪੈ ਸਕਦਾ ਹੈ|

ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਜਦੋਂ ਮਹਿੰਦਰ ਭਗਤ ਨੇ ਆਪ ਜੁਆਇਨ ਕੀਤੀ ਸੀ ਤਾਂ ਉਸ ਵੇਲੇ ਉਹਨਾਂ ਦੇ ਪਿਤਾ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਨੇ ਕਿਹਾ ਸੀ ਕਿ ਮਹਿੰਦਰ ਦੇ ‘ਆਪ’ ਵਿੱਚ ਜਾਣ ਦੇ ਫ਼ੈਸਲੇ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਚੁੰਨੀ ਲਾਲ ਨੇ ਭਾਵੁਕ ਹੁੰਦਿਆਂ ਕਿਹਾ ਮਹਿੰਦਰ ਦਾ ਇਹ ਫ਼ੈਸਲਾ ਗ਼ਲਤ ਹੈ ਅਤੇ ਉਨ੍ਹਾਂ ਦਾ ਲੜਕਾ ਵਿਰੋਧੀਆਂ ਦੀਆਂ ਗੱਲਾਂ ਵਿੱਚ ਆ ਗਿਆ ਹੈ। ਚੁੰਨੀ ਲਾਲ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਸਦਾ ਭਾਜਪਾ ਨਾਲ ਰਿਹਾ ਹੈ ਤੇ ਅੱਗੋਂ ਵੀ ਰਹੇਗਾ। ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਜੁੜਿਆ ਕੈਡਰ ਕੀ ਮਹਿੰਦਰ ਭਗਤ ਨੂੰ ਪਸੰਦ ਕਰੇਗਾ ਜਾਂ ਨਹੀਂ, ਇਹ ਵੀ ਇਕ ਵੱਡਾ ਸਵਾਲ ਹੈ|

ਟਿਕਟ ਦਾ ਫੈਸਲਾ ਇਕ ਜਾਂ ਦੋ ਦਿਨਾਂ ਵਿਚ ਹੋ ਜਾਣਾ ਹੈ, ਹੁਣ ਦੇਖਣਾ ਇਹ ਹੋਏਗਾ ਕਿ ਆਪ ਹਾਈਕਮਾਂਡ ਦੋ ਵਾਰ ਹਾਰ ਚੁੱਕੇ ਮਹਿੰਦਰ ਭਗਤ ਨੂੰ ਟਿਕਟ ਦੇਵੇਗੀ ਜਾਂ ਨਹੀਂ ?

error: Content is protected !!