ਮਹਿੰਦਰ ਕੇਪੀ ਨੂੰ ਉਮੀਦਵਾਰ ਬਣਾਉਣਾ ਹੋ ਸਕਦਾ ਹੈ ਘਾਟੇ ਦਾ ਸੌਦਾ! ਅਕਾਲੀ ਦਲ ਦੀ ਰਾਹ ਨਹੀਂ ਅਸਾਨ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਲੋਕ ਸਭਾ ਚੌਣਾ ਤੋਂ ਬਾਅਦ ਹੁਣ ਪੰਜਾਬ ਦੀਆਂ ਪੰਜ ਸੀਟਾਂ ‘ਤੇ ਉਪ ਚੌਣ ਹੋਣੀ ਹੈ| ਲੋਕ ਸਭਾ ਚੌਣਾ ਦੇ ਨਤੀਜਿਆਂ ‘ਚ ਹਾਰ ਦਾ ਮੂੰਹ ਦੇਖ ਚੁੱਕੀਆਂ ਪਾਰਟੀਆਂ ਲਈ ਇਹ ਉਪ ਚੌਣ ਬਹੁਤ ਮਹੱਤਵਪੂਰਨ ਹੈ| ਪਰ ਰਾਹ ਕਿਸੇ ਵੀ ਪਾਰਟੀ ਦੀ ਅਸਾਨ ਨਹੀਂ ਹੈ| ਖਾਸ ਕਰ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਸ਼ਿਰੋਮਣੀ ਅਕਾਲੀ ਦਲ ਬਾਦਲ ਦੀ| ਇਹਨਾਂ ਨਤੀਜਿਆਂ ‘ਚ ਅਕਾਲੀ ਦਲ ਨੂੰ ਪੰਜਾਬ ਦੇ ਵੋਟਰਾਂ ਨੇ ਨਕਾਰ ਦਿੱਤਾ ਹੈ ਅਤੇ ਬਠਿੰਡਾ ਨੂੰ ਛੱਡ ਦੇਈਏ ਤਾਂ ਉਹਨਾਂ ਨੂੰ ਚੌਥੇ ਨੰਬਰ ‘ਤੇ ਸੰਤੋਸ਼ ਕਰਨਾ ਪਿਆ|

ਇਸ ਕਰਕੇ ਸ਼ਿਰੋਮਣੀ ਅਕਾਲੀ ਦਲ ਬਾਦਲ ਲਈ ਇਹ ਉਪ ਚੌਣਾ ਬਹੁਤ ਮਾਇਨੇ ਰੱਖਦੀ ਹੈ| ਖਾਸ ਕਰਕੇ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਵੀ ਪਾਰਟੀ ਹਾਈਕਮਾਂਡ ਅੱਗੇ ਬਹੁਤ ਮੁਸ਼ਕਿਲਾਂ ਨੇ| ਸਭ ਤੋਂ ਵੱਡੀ ਮੁਸ਼ਕਿਲ ਉਮੀਦਵਾਰ ਦਾ ਐਲਾਨ ਕਰਨਾ| ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਮਹਿੰਦਰ ਸਿੰਘ ਕੇਪੀ ਨੂੰ ਉਮੀਦਵਾਰ ਵਜੋਂ ਦੇਖ ਰਹੀ ਹੈ| ਮਹਿੰਦਰ ਕੇਪੀ ਅਪ੍ਰੈਲ 2024 ਵਿਚ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਆਏ ਸਨ| ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਬਣਾਇਆ ਸੀ ਪਰ ਉਹ ਚੌਣ ਹਾਰ ਗਏ ਸਨ|

ਕੇਪੀ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ 1985 ‘ਚ ਜਲੰਧਰ ਦੱਖਣੀ (ਰਾਖਵਾਂ) ਹੁਣ ਜਲੰਧਰ ਵੈਸਟ ਹਲਕੇ ਤੋਂ ਲੜੀ ਸੀ। ਦੂਜੀ ਵਾਰ 1992 ‘ਚ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਦੱਖਣੀ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ਸੀ। 1997 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਉਹ ਜਲੰਧਰ ਦੱਖਣੀ ਹਲਕੇ ਤੋਂ ਹੀ ਭਾਜਪਾ ਦੇ ਚੂਨੀ ਲਾਲ ਭਗਤ ਤੋਂ 6134 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।

ਹਾਲਾਂਕਿ 2002 ‘ਚ ਹੋਈਆ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਇਸੇ ਹਲਕੇ ਤੋਂ ਚੋਣ ਲੜੀ ਤੇ ਜਿੱਤ ਦਰਜ ਕੀਤੀ। 2007 ਦੀਆ ਚੋਣਾਂ ਦੌਰਾਨ ਉਹ ਫਿਰ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਚੂਨੀ ਲਾਲ ਭਗਤ ਤੋਂ ਹਾਰ ਗਏ ਸਨ। ਕੇਪੀ 2009 ‘ਚ ਕਾਂਗਰਸ ਦੀ ਟਿਕਟ ‘ਤੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣੇ ਸਨ। ਇਸ ਤੋਂ ਬਾਅਦ ਕਾਂਗਰਸ ਨੇ 2014 ‘ਚ ਹੁਸ਼ਿਆਰਪੁਰ ਤੋਂ ਕੇਪੀ ਨੂੰ ਉਤਾਰਿਆ ਸੀ, ਜਿਥੇ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਨੂੰ ਭਾਜਪਾ ਦੇ ਉਮੀਦਵਾਰ ਵਿਜੇ ਸਾਂਪਲਾ ਨੇ ਹਰਾਇਆ ਸੀ। ਦੱਸ ਦੇਈਏ ਕਿ ਕੇਪੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਕੋਲੋਂ 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਵੀ ਟਿਕਟਾਂ ਦੀ ਮੰਗ ਕੀਤੀ ਸੀ, ਜਿਸ ਨੂੰ ਕਾਂਗਰਸ ਨੇ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਲਿਆ ਸੀ|

ਮਹਿੰਦਰ ਸਿੰਘ ਕੇਪੀ ਦੇ ਪਿਛਲੇ ਦਸ ਸਾਲ ਦੇ ਰਾਜਨੀਤਿਕ ਸਫਰ ‘ਤੇ ਝਾਤ ਮਾਰੀਏ ਤਾਂ ਉਹਨਾਂ ਨੂੰ ਕਾਂਗਰਸ ਨੇ 2014 ‘ਚ ਹੁਸ਼ਿਆਰਪੁਰ ਤੋਂ ਉਤਾਰਿਆ ਸੀ ਤੇ ਉਹ ਹਾਰ ਗਏ ਸਨ ਅਤੇ ਹੁਣ ਜਦੋਂ 2024 ਵਿਚ ਸ਼ਿਰੋਮਣੀ ਅਕਾਲੀ ਦਲ ਬਾਦਲ ਨੇ ਉਹਨਾਂ ਨੂੰ ਜਲੰਧਰ ਤੋਂ ਉਤਾਰਿਆ ਤਾਂ ਉਹ ਫਿਰ ਹਾਰ ਗਏ| ਜੇ ਇਸ ਤੋਂ ਬਾਅਦ ਵੀ ਸ਼ਿਰੋਮਣੀ ਅਕਾਲੀ ਦਲ ਬਾਦਲ ਮਹਿੰਦਰ ਸਿੰਘ ਕੇਪੀ ਨੂੰ ਉਮੀਦਵਾਰ ਬਣਾਉਂਦਾ ਹੈ ਤਾਂ ਰਾਜਨੀਤਿਕ ਮਾਹਿਰਾਂ ਅਨੁਸਾਰ ਉਹ ਘਾਟੇ ਦਾ ਸੌਦਾ ਹੋ ਸਕਦਾ ਹੈ|

error: Content is protected !!