ਜਲੰਧਰ ‘ਚ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕ+ਤ+ਲ, ਨਸ਼ਿਆਂ ਖਿਲਾਫ਼ ਕਰ ਰਿਹਾ ਸੀ ਜਾਗਰੂਕ, ਮਾਰ ਕੇ ਸੁੱਟਿਆ ਪਿੰਡੋਂ ਬਾਹਰ

ਜਲੰਧਰ ‘ਚ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕ+ਤ+ਲ, ਨਸ਼ਿਆਂ ਖਿਲਾਫ਼ ਕਰ ਰਿਹਾ ਸੀ ਜਾਗਰੂਕ, ਮਾਰ ਕੇ ਸੁੱਟਿਆ ਪਿੰਡੋਂ ਬਾਹਰ

ਜੰਡਿਆਲਾ ਮੰਜਕੀ (ਵੀਓਪੀ ਬਿਊਰੋ) ਜਲੰਧਰ ‘ਚ ਕਸਬਾ ਜੰਡਿਆਲਾ ਮੰਜਕੀ ਨੇੜਲੇ ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਅਤੇ ਨਸ਼ਿਆਂ ਵਿਰੁੱਧ ਲੜ ਰਹੇ ਸਮਾਜ ਸੇਵੀ ਦਾ ਚਾਕੂ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਕਿਸ ਨੇ ਕੀਤਾ, ਇਹ ਪਤਾ ਨਹੀਂ ਲੱਗ ਸਕਿਆ ਹੈ। ਸਦਰ ਥਾਣਾ ਪੁਲਿਸ ਨੇ ਸ਼ਨੀਵਾਰ ਨੂੰ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਸਾਬਕਾ ਸਰਪੰਚ ਗੁਰਮੇਲ ਰਾਮ ਦੀ ਲਾਸ਼ ਪਿੰਡ ਲਖਨਪਾਲ ਤੋਂ ਪਿੰਡ ਪੰਡੋਰੀ ਨੂੰ ਜਾਂਦੀ ਕੱਚੀ ਸੜਕ ’ਤੇ ਪਈ ਮਿਲੀ ਹੈ। ਪੁਲਿਸ ਨੇ ਖੂਨ ਨਾਲ ਲੱਥਪੱਥ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਰਿਵਾਰ ਗੁਰਮੇਲ ਦਾ ਅੰਤਿਮ ਸੰਸਕਾਰ ਨਹੀਂ ਕਰੇਗਾ।

ਸਾਬਕਾ ਸਰਪੰਚ ਦੇ ਕਤਲ ਕਾਰਨ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਹੈ। ਲਾਸ਼ ਕੋਲੋਂ ਖਾਲੀ ਪਰਸ ਵੀ ਮਿਲਿਆ ਹੈ, ਜਿਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਵਾਰਦਾਤ ਕਿਸੇ ਲੁਟੇਰੇ ਵੱਲੋਂ ਕੀਤੀ ਗਈ ਹੋ ਸਕਦੀ ਹੈ। ਗੁਰਮੇਲ ਆਪਣੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ਿਆਂ ਵਿਰੁੱਧ ਲੜ ਰਿਹਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਸਾਬਕਾ ਸਰਪੰਚ ਗੁਰਮੇਲ ਰਾਮ ਦਾ ਸਾਈਕਲ ਵੀ ਬਰਾਮਦ ਕੀਤਾ ਹੈ, ਜਿਸ ’ਤੇ ਖੂਨ ਲੱਗਾ ਹੋਇਆ ਸੀ। ਗੁਰਮੇਲ ਘਰੋਂ ਸੈਰ ਕਰਨ ਲਈ ਨਿਕਲਿਆ ਸੀ। ਪਿੰਡ ਵਾਸੀਆਂ ਨੇ ਲਾਸ਼ ਦੇਖੀ ਤਾਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਗੁਰਮੇਲ ਦੀ ਸ਼ਨਾਖਤ ਕੀਤੀ ਅਤੇ ਉਸ ਦੇ ਪੁੱਤਰ ਬਲਵਿੰਦਰ ਕੁਮਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਕਤਲ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐਸਐਚਓ ਸੰਜੀਵ ਕੁਮਾਰ ਅਤੇ ਉਨ੍ਹਾਂ ਦੀਆਂ ਟੀਮਾਂ ਜਾਂਚ ਲਈ ਮੌਕੇ ’ਤੇ ਪਹੁੰਚ ਗਈਆਂ।

ਮ੍ਰਿਤਕ ਦੇ ਪੁੱਤਰ ਬਲਵਿੰਦਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਜੀਐੱਨਏ ਫੈਕਟਰੀ ਵਿੱਚ ਅਪਰੇਟਰ ਵਜੋਂ ਕੰਮ ਕਰਦਾ ਹੈ। ਬੀਤੀ ਸ਼ਾਮ ਕਰੀਬ 6 ਵਜੇ ਉਸ ਦੇ ਚਾਚੇ ਦੇ ਲੜਕੇ ਸੁਰਿੰਦਰ ਨੇ ਫੈਕਟਰੀ ’ਚ ਆ ਕੇ ਦੱਸਿਆ ਕਿ ਉਸ ਦੇ ਪਿਤਾ ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਲਾਸ਼ ਪਿੰਡ ਦੀ ਕੱਚੀ ਸੜਕ ’ਤੇ ਪਈ ਹੈ। ਇਸ ਤੋਂ ਬਾਅਦ ਉਹ ਤੁਰੰਤ ਕੰਮ ਛੱਡ ਕੇ ਵਾਰਦਾਤ ਵਾਲੀ ਥਾਂ ‘ਤੇ ਪਹੁੰਚ ਗਿਆ।

ਬਲਵਿੰਦਰ ਕੁਮਾਰ ਨੇ ਮੰਗ ਕੀਤੀ ਹੈ ਕਿ ਉਸ ਦੇ ਪਿਤਾ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਤਾਂ ਜੋ ਉਸਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਬਲਵਿੰਦਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਆਪਣੇ ਪਿਤਾ ਦੇ ਕਾਤਲਾਂ ਨੂੰ ਫੜੇ ਜਾਣ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰ ਤੱਕ ਕਿਸੇ ਵੀ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਸੀ। ਮਾਮਲੇ ਦੀ ਜਾਂਚ ਕਰ ਰਹੇ ਜੰਡਿਆਲਾ ਚੌਕੀ ਦੇ ਇੰਚਾਰਜ ਜਸਬੀਰ ਚੰਦ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਪਿੰਡ ਦੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰ ਰਹੀਆਂ ਹਨ ਤਾਂ ਜੋ ਕਿਸੇ ਵੀ ਸ਼ੱਕੀ ਵਿਅਕਤੀ ਦੀ ਪਛਾਣ ਹੋ ਸਕੇ। ਪਰ ਫਿਲਹਾਲ ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ।

error: Content is protected !!