ਨਸ਼ੇੜੀ ਪਿਓ ਨੇ ਛੱਡਿਆ ਤਾਂ ਚਾਹ ਦੀ ਰੇਹੜੀ ਲਾਕੇ ਮਾਂ ਅਤੇ ਭਰਾ ਨੂੰ ਪਾਲ ਰਹੀ 17 ਸਾਲ ਦੀ ਬੱਚੀ,ਉਮਰ ਛੋਟੀ ਪਰ ਸੁਪਨੇ ਵੱਡੇ

ਅੰਮ੍ਰਿਤਸਰ ਦੇ ਰਈਆ ਪਿੰਡ ਦੇ ਜੀਟੀ ਰੋਡ ਉਤੇ ਇੱਕ ਲੜਕੀ ਵੱਲੋਂ ਚਾਹ ਦੀ ਰੇਹੜੀ ਲਗਾਈ ਗਈ ਹੈ, ਇਸ 17 ਸਾਲਾਂ ਦੀ ਲੜਕੀ ਨੂੰ ਘਰ ਦੇ ਮਾੜੇ ਹਾਲਾਤਾਂ ਨੇ ਸੜਕ ਦੇ ਉੱਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਹੈ, ਲੜਕੀ ਦਾ ਕਹਿਣਾ ਹੈ ਕਿ ਸੋਚਿਆ ਨਹੀਂ ਸੀ ਕਿ ਅਜਿਹੇ ਹਾਲਾਤ ਵੇਖਣ ਨੂੰ ਮਿਲਣਗੇ।ਇਸ ਮੌਕੇ ਜਦੋਂ ਅਸੀਂ ਕੋਮਲ ਪ੍ਰੀਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਮੇਰੇ ਪਿਤਾ ਨਸ਼ੇੜੀ ਹਨ ਅਤੇ ਸਾਨੂੰ ਛੱਡ ਕੇ ਚੱਲੇ ਗਏ ਹਨ, ਉਹ ਨਸ਼ਾ ਕਰਦੇ ਸਨ ਅਤੇ ਸਾਡੇ ਨਾਲ ਰੋਜ਼ ਕੁੱਟ ਮਾਰ ਕਰਦੇ ਸੀ, ਜਿਸਦੇ ਚੱਲਦੇ ਉਨ੍ਹਾਂ ਨੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਮੈਂ, ਮੇਰੀ ਮਾਂ ਅਤੇ ਮੇਰਾ ਛੋਟਾ ਭਰਾ ਸੜਕ ਉਤੇ ਆ ਗਏ।

ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਸ ਨੇ ਅੱਗੇ ਕਿਹਾ ਕਿ ਫਿਰ ਮੇਰੀ ਮਾਤਾ ਨੇ ਲੋਕਾਂ ਦੇ ਘਰਾਂ ‘ਚ ਕੰਮ ਕਰਨਾ ਸ਼ੁਰੂ ਕੀਤਾ, ਪਰ ਬਿਮਾਰ ਹੋਣ ਕਾਰਨ ਉਨ੍ਹਾਂ ਨੂੰ ਕੰਮ ਛੱਡਣਾ ਪਿਆ। ਫਿਰ ਮੈਂ ਸੜਕ ਉਤੇ ਚਾਹ ਲਗਾਉਣ ਦੀ ਸੋਚੀ ਅਤੇ ਇਹੀ ਕਾਰਨ ਹੈ ਕਿ ਮੈਂ ਪੜ੍ਹਾਈ ਦੇ ਨਾਲ-ਨਾਲ ਚਾਹ ਦਾ ਕੰਮ ਸ਼ੁਰੂ ਕੀਤਾ ਹੈ, ਜਿਸ ਦਾ ਨਾਂਅ ਅਸੀਂ ‘ਸਤਿਗੁਰੂ ਟੀ-ਸਟਾਲ’ ਰੱਖਿਆ ਹੈ ਆਪਣੀਆਂ ਅੱਗੇ ਦੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿੰਨਾ ਲੋਕਾਂ ਨੇ ਸਾਡਾ ਮੁਸ਼ਕਿਲ ਸਮੇਂ ਵਿੱਚ ਮਜ਼ਾਕ ਬਣਾਇਆ ਅਤੇ ਸਾਨੂੰ ਤਾਅਨੇ-ਮਹਿਨੇ ਦਿੱਤੇ ਮੈਂ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਲਦ ਹੀ ਪਰਮਾਤਮਾ ਨੇ ਚਾਹਿਆ ਤਾਂ ਮੇਰਾ ਆਪਣਾ ਇੱਕ ਕੈਫੇ ਹੋਏਗਾ।

ਇਸ ਦੇ ਨਾਲ ਹੀ ਇਸ ਮੌਕੇ ਸਮਾਜ ਸੇਵਕ ਅਤੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਇਸ 17 ਸਾਲ ਲੜਕੀ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨੇ ਇਸ ਲੜਕੀ ਦੀ ਹੌਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਇੱਕ ਛੋਟੀ ਜਿਹੀ ਬੱਚੀ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ, ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਆਪਣੇ ਘਰ ਦਾ ਗੁਜ਼ਾਰਾ ਵੀ ਕਰਨਾ ਸ਼ੁਰੂ ਕੀਤਾ ਹੈ। ਸਾਨੂੰ ਅਜਿਹੇ ਬੱਚਿਆਂ ਚੋਂ ਪ੍ਰੇਰਨਾ ਲੈਣ ਦੀ ਲੋੜ ਹੈ।

ਇਸ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਐਨਆਰਆਈ ਵੀਰਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਦੋਂ ਵੀ ਤੁਸੀਂ ਅੰਮ੍ਰਿਤਸਰ ਵੱਲ ਆਓ ਤਾਂ ਇਸ ਲੜਕੀ ਕੋਮਲ ਪ੍ਰੀਤ ਦੀ ਸਤਿਗੁਰੂ ਟੀ ਸਟਾਲ ਉਤੇ ਹੋ ਕੇ ਜਾਓ ਅਤੇ ਇਸਦੀ ਚਾਹ ਦਾ ਸਵਾਦ ਜ਼ਰੂਰ ਲਓ।

error: Content is protected !!