ਪੰਜਾਬੀ ਆ ਗਏ ਓਏ… UK ਦੀਆਂ ਚੋਣਾਂ ‘ਚ ਛਾਅ ਗਏ ਪੰਜਾਬੀ, 10 ਸੀਟਾਂ ‘ਤੇ ਕੀਤਾ ਕਬਜ਼ਾ

ਪੰਜਾਬੀ ਆ ਗਏ ਓਏ… UK ਦੀਆਂ ਚੋਣਾਂ ‘ਚ ਛਾਅ ਗਏ ਪੰਜਾਬੀ, 10 ਸੀਟਾਂ ‘ਤੇ ਕੀਤਾ ਕਬਜ਼ਾ

 

ਲੰਡਨ (ਵੀਓਪੀ ਬਿਊਰੋ): 4 ਜੁਲਾਈ ਨੂੰ UK (ਬ੍ਰਿਟੇਨ) ਵਿੱਚ ਹੋਏ ਇਲੈਕਸ਼ਨ ਦਾ ਨਤੀਜਾ ਅੱਜ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬ੍ਰਿਟੇਨ ਦੀ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਪਾਰਟੀ ਲੇਬਰ ਪਾਰਟੀ ਨੇ ਮੁੜ ਰਿਕਾਰਡ ਜਿੱਤ ਦੇ ਨਾਲ ਸੱਤਾ ਹਾਸਲ ਕਰ ਲਈ ਹੈ। ਬਰਤਾਨੀਆ ਦੀਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਨੂੰ ਇਤਿਹਾਸਕ ਬਹੁਮਤ ਮਿਲਿਆ ਹੈ। ਉਥੇ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਹੈ।

UK ਦੀਆਂ ਚੋਣਾਂ ਵਿੱਚ ਇੱਕ-ਦੋ ਨਹੀਂ ਸਗੋਂ ਕਿ ਪੂਰੇ 10 ਪੰਜਾਬੀ ਜਿੱਤ ਦਰਜ ਕਰ ਕੇ ਸੰਸਦ ਮੈਂਬਰ ਬਣ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਜਲੰਧਰ ਵਾਸੀ ਤਨਮਨਜੀਤ ਸਿੰਘ ਢੇਸੀ ਮੁੜ ਐੱਮ.ਪੀ ਬਣ ਗਏ ਹਨ। ਤਨਮਨਜੀਤ ਤੋਂ ਇਲਾਵਾ ਜਸ ਅਠਵਾਲ, ਪ੍ਰੀਤ ਗਿੱਲ, ਗੁਰਿੰਦਰ ਜੋਸ਼ਨ, ਕਿਰਿਥ, ਜੀਵਨ ਸੰਧਰ, ਸਤਵੀਰ ਕੌਰ, ਵਰਿੰਦਰ ਜਸ, ਸੀਮਾ ਮਲਹੋਤਰਾ, ਹਰਪ੍ਰੀਤ ਉੱਪਲ ਨੇ ਚੋਣ ਜਿੱਤੀ ਹੈ।

 

ਇੰਗਲੈਂਡ ਦੇ ਗ੍ਰੇਵਸ਼ਾਮ ਸ਼ਹਿਰ ਵਿੱਚ ਯੂਰਪ ਦੇ ਸਭ ਤੋਂ ਨੌਜਵਾਨ ਸਿੱਖ ਮੇਅਰ ਬਣੇ ਤਨਮਨਜੀਤ ਸਿੰਘ ਢੇਸੀ ਬਰਤਾਨਵੀ ਸੰਸਦ ਦੇ ਪਹਿਲੇ ਸਿੱਖ ਸੰਸਦ ਮੈਂਬਰ ਵੀ ਬਣ ਗਏ ਹਨ। ਤਨਮਨਜੀਤ ਸਿੰਘ ਢੇਸੀ, ਜਿਨ੍ਹਾਂ ਨੂੰ ਯੂ.ਕੇ. ਵਿੱਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਹੈ, ਨੂੰ ਕਈ ਭਾਸ਼ਾਵਾਂ ਉੱਤੇ ਆਪਣੀ ਕਮਾਨ ਹੈ। ਤਨਮਨਜੀਤ, ਜਿਸ ਨੂੰ ਘਰ ਵਿੱਚ ਚੰਨੀ ਅਤੇ ਨਾਅਰੇ ਵਿੱਚ ਤਾਨ ਕਿਹਾ ਜਾਂਦਾ ਹੈ, ਦਾ ਕਹਿਣਾ ਹੈ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਕੰਮ ਕਰੇਗਾ ਅਤੇ ਭਾਰਤੀ ਮੂਲ ਦੇ ਲੋਕਾਂ ਦਾ ਮਾਣ ਰੱਖੇਗਾ। ਤਨਮਨਜੀਤ ਪਿੰਡ ਰਾਏਪੁਰ ਫਰਾਲਾ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਜਸਪਾਲ ਸਿੰਘ ਢੇਸੀ 1977 ਵਿੱਚ ਯੂ.ਕੇ ਚਲੇ ਗਏ ਸਨ ਅਤੇ ਉੱਥੇ ਨਾ ਸਿਰਫ਼ ਆਪਣਾ ਕਾਰੋਬਾਰ ਸਥਾਪਿਤ ਕੀਤਾ ਸੀ ਸਗੋਂ ਗ੍ਰੇਵਸ਼ਾਮ ਦੇ ਗੁਰਦੁਆਰੇ ਦੇ ਮੁਖੀ ਵੀ ਬਣ ਗਏ ਸਨ।

ਤਨਮਨਜੀਤ ਸਿੰਘ ਢੇਸੀ ਦਾ ਜਨਮ ਯੂ.ਕੇ. ਵਿੱਚ ਹੋਇਆ ਸੀ ਪਰ ਉਸ ਦੇ ਪਿਤਾ ਨੇ ਤਨਮਨਜੀਤ ਨੂੰ ਪੜ੍ਹਾਈ ਲਈ ਪੰਜਾਬ ਭੇਜਿਆ ਤਾਂ ਜੋ ਉਹ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਪੂਰਾ ਗਿਆਨ ਹਾਸਲ ਕਰ ਸਕੇ। ਤਨਮਨਜੀਤ ਰਾਏਪੁਰ ਵਿੱਚ ਆਪਣੇ ਚਾਚਾ ਪਰਮਜੀਤ ਸਿੰਘ ਕੋਲ ਪੜ੍ਹਣ ਲੱਗ ਪਿਆ। ਪਹਿਲਾਂ ਸ਼ਿਵਾਲਿਕ ਪਬਲਿਕ ਸਕੂਲ ਮੋਹਾਲੀ ਅਤੇ ਫਿਰ ਦਸਮੇਸ਼ ਅਕੈਡਮੀ ਆਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ। ਜਦੋਂ ਪੰਜਾਬ ਵਿਚ ਅੱਤਵਾਦ ਸਿਖਰਾਂ ‘ਤੇ ਸੀ ਤਾਂ ਤਨਮਨਜੀਤ ਯੂ.ਕੇ. ਵਾਪਸ ਚਲਾ ਗਿਆ ਪਰ ਪੰਜਾਬ ਨਾਲੋਂ ਉਸ ਦੇ ਰਿਸ਼ਤੇ ਨਹੀਂ ਟੁੱਟਿਆ। ਲੰਡਨ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰਨ ਤੋਂ ਬਾਅਦ ਤਨਮਨਜੀਤ ਕਾਰੋਬਾਰ ਵਿੱਚ ਅੱਗੇ ਵਧਿਆ ਅਤੇ ਇਸੇ ਦੌਰਾਨ ਉਸਦਾ ਝੁਕਾਅ ਲੇਬਰ ਪਾਰਟੀ ਵੱਲ ਹੋ ਗਿਆ। ਉਹ ਗ੍ਰੇਵਸ਼ਾਮ ਦਾ ਸਭ ਤੋਂ ਘੱਟ ਉਮਰ ਦਾ ਮੇਅਰ ਬਣਿਆ।

ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਉਮੀਦਵਾਰ ਅਤੇ ਭਾਰਤੀ ਪ੍ਰਵਾਸੀਆਂ ਦੀ ਧੀ ਸੀਮਾ ਮਲਹੋਤਰਾ ਨੇ ਲੰਡਨ ਦੀ ਫੇਲਥਮ ਅਤੇ ਹੇਸਟਨ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ।

ਯੂਕੇ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਆਮ ਚੋਣਾਂ ਜਿੱਤ ਲਈਆਂ ਹਨ। ਬਰਮਿੰਘਮ ਐਜਬੈਸਟਨ ਸੀਟ ਤੋਂ ਲੇਬਰ ਪਾਰਟੀ ਦੀ ਉਮੀਦਵਾਰ ਪ੍ਰੀਤ ਕੌਰ ਗਿੱਲ ਨੇ ਜਿੱਤ ਹਾਸਲ ਕੀਤੀ ਹੈ। ਗਿੱਲ ਨੇ 16,599 ਵੋਟਾਂ ਪ੍ਰਾਪਤ ਕੀਤੀਆਂ ਅਤੇ 44.3 ਪ੍ਰਤੀਸ਼ਤ ਵੋਟਾਂ ਨਾਲ ਸੁਰੱਖਿਅਤ ਲੇਬਰ ਸੀਟ ਜਿੱਤੀ। ਕੰਜ਼ਰਵੇਟਿਵ ਉਮੀਦਵਾਰ ਅਸ਼ਵੀਰ ਸੰਘਾ 8,231 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ। ਗਿੱਲ 2017 ਵਿੱਚ ਬਰਤਾਨੀਆ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਬਣੀ। ਪ੍ਰੀਤ ਕੌਰ ਗਿੱਲ ਵੀ ਜਲੰਧਰ ਦੀ ਹੀ ਵਸਨੀਕ ਹੈ।

ਲੇਬਰ ਪਾਰਟੀ ਦੀ ਮੈਂਬਰ ਸਤਵੀਰ ਕੌਰ ਨੇ ਸਾਊਥੈਂਪਟਨ ਟੈਸਟ ਹਲਕੇ ਤੋਂ ਜਿੱਤ ਹਾਸਲ ਕੀਤੀ। ਉਨ੍ਹਾਂ ਨੇ 15,945 ਵੋਟਾਂ ਦੇ ਫਰਕ ਨਾਲ ਆਪਣੀ ਸੀਟ ਹਾਸਲ ਕੀਤੀ। ਸਾਊਥੈਂਪਟਨ ਟੈਸਟ ਵਿੱਚ ਕੌਰ ਦੀ ਸਫ਼ਲਤਾ ਇੱਕ ਅਨੁਭਵੀ ਲੇਬਰ ਐਮਪੀ ਐਲਨ ਵ੍ਹਾਈਟਹੈੱਡ ਦੇ ਕਾਰਜਕਾਲ ਤੋਂ ਬਾਅਦ ਹੈ, ਜਿਸਨੇ ਲੰਬੇ ਸਮੇਂ ਤੋਂ ਹਲਕੇ ਦੀ ਨੁਮਾਇੰਦਗੀ ਕੀਤੀ ਸੀ। ਵ੍ਹਾਈਟਹੈਡ ਨੇ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ, ਇੱਕ ਨਵੇਂ ਪ੍ਰਤੀਨਿਧੀ ਲਈ ਰਸਤਾ ਸਾਫ਼ ਕੀਤਾ ਸੀ।

error: Content is protected !!