ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਕਲੇਸ਼ ਤੇਜ਼, ਬੀਬੀ ਜਗੀਰ ਕੌਰ ਨੇ ਕਿਹਾ-ਬਾਗੀ ਅਸੀਂ ਨਹੀਂ ਸੁਖਬੀਰ ਬਾਦਲ ਹੋਈ ਫਿਰਦਾ

ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਕਲੇਸ਼ ਤੇਜ਼, ਬੀਬੀ ਜਗੀਰ ਕੌਰ ਨੇ ਕਿਹਾ-ਬਾਗੀ ਅਸੀਂ ਨਹੀਂ ਸੁਖਬੀਰ ਬਾਦਲ ਹੋਈ ਫਿਰਦਾ

ਜਲੰਧਰ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਵਿੱਚ 10 ਸਾਲ ਲਗਾਤਾਰ ਰਹਿਣ ਤੋਂ ਬਾਅਦ ਜਦੋਂ 2017 ਵਿੱਚ ਕਾਂਗਰਸ ਹੱਥੋਂ ਹਾਰ ਕੇ ਰਾਜ ਭਾਗ ਤੋਂ ਬਾਹਰ ਹੋਈ ਤਾਂ ਉਸੇ ਸਮੇਂ ਤੋਂ ਪਾਰਟੀ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਸੰਘਰਸ਼ ਕਰ ਰਹੀ ਹੈ। ਪਰ ਇਸ ਦੌਰਾਨ ਪਾਰਟੀ ਨੂੰ ਅੰਦਰੂਨੀ ਕਲੇਸ਼ ਹੀ ਲੈ ਕੇ ਬੈਠੇ ਹੋਏ ਹਨ।

ਇਸ ਦੌਰਾਨ ਹੀ ਜਲੰਧਰ ਚੋਣ ਪ੍ਰਚਾਰ ਲਈ ਪਹੁੰਚੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਕੋਈ ਵੱਖਰੀ ਸਿਆਸੀ ਪਾਰਟੀ ਨਹੀਂ ਬਣਾਉਣਗੇ, ਸਗੋਂ ਸ਼੍ਰੋਮਣੀ ਅਕਾਲੀ ਦਲ ਬਚਾਓ ਮੁਹਿੰਮ ਚਲਾਉਣਗੇ। ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਸਫਲਤਾ ਦੀਆਂ ਬੁਲੰਦੀਆਂ ‘ਤੇ ਲਿਜਾਣ ਲਈ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ।

ਇਸ ਸਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਨ ਵਾਲੇ ਉਨ੍ਹਾਂ ਨੇ ਨਹੀਂ ਸਗੋਂ ਪਾਰਟੀ ਲਈ ਸਤਿਕਾਰਯੋਗ ਪੈਂਤੜੇ ਦੇ ਉਲਟ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਕਰਨ ਵਾਲੇ ਸੁਖਬੀਰ ਬਾਦਲ ਹੀ ਹਨ।

 

ਜਲੰਧਰ ਪੱਛਮੀ ਦੇ ਲੋਕਾਂ ਨੂੰ ਤੱਕੜੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੀ ਬੀਬੀ ਸੁਰਜੀਤ ਕੌਰ ਦਾ ਸਮਰਥਨ ਕਰਨ ਦਾ ਸੱਦਾ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਲਕਾ ਪੱਛਮੀ ‘ਚ ਨਸ਼ਾਖੋਰੀ, ਲਾਟਰੀ ਅਤੇ ਸੱਟੇਬਾਜ਼ੀ ਸਮਾਜ ਨੂੰ ਤਬਾਹੀ ਦੇ ਰਾਹ ‘ਤੇ ਲਿਜਾ ਰਹੀ ਹੈ | ਇਨ੍ਹਾਂ ਨੂੰ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਨੂੰ ਕਾਮਯਾਬ ਕੀਤਾ ਜਾਵੇ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲੋਕਾਂ ਦੀ ਸਹੂਲਤ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਸੁਵਿਧਾ ਕੇਂਦਰ, ਸੇਵਾ ਕੇਂਦਰ, ਮੈਰੀਟੋਰੀਅਸ ਸਕੂਲ, ਮਾਤਾ ਭਾਗੋ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ‘ਤੇ ਨਵੇਂ ਸਕੂਲ ਸ਼ੁਰੂ ਕੀਤੇ ਗਏ ਸਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਤੋਂ ਕੋਹਾਂ ਦੂਰ, ਹਲਕਾ ਪੱਛਮੀ ਵਿੱਚ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਆਪਣੀ ਸਾਰੀ ਤਾਕਤ ਲਗਾ ਦਿੱਤੀ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਨੇ ਆਪਣੇ ਪੂਰੇ ਪਰਿਵਾਰ ਸਮੇਤ ਸ਼ਹਿਰ ਵਿੱਚ ਡੇਰੇ ਲਾਏ ਹੋਏ ਹਨ। ਪੰਜਾਬ ਦੀਆਂ ਲੋੜਾਂ ਤੋਂ ਅਣਜਾਣ ਮੁੱਖ ਮੰਤਰੀ ਸਿਰਫ਼ ਪੱਛਮੀ ਹਲਕੇ ਵੱਲ ਹੀ ਧਿਆਨ ਦੇ ਰਹੇ ਹਨ।

ਬੀਬੀ ਸੁਰਜੀਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ’ਤੇ ਪਾਰਟੀ ’ਚੋਂ ਕੱਢਿਆ ਗਿਆ ਸੀ, ਉਸੇ ਤਰ੍ਹਾਂ ਸੁਖਬੀਰ ਬਾਦਲ ਨੂੰ ਵੀ ਜਥੇਬੰਦੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ’ਚੋਂ ਕੱਢਿਆ ਜਾਣਾ ਚਾਹੀਦਾ ਹੈ।

error: Content is protected !!