ਅੰਬਾਨੀ ਦੇ ਵਿਆਹ ‘ਚ ਵੜ ਗਏ ਬਿਨ ਬੁਲਾਏ ਮਹਿਮਾਨ, ਕਹਿੰਦੇ ਅਸੀਂ ਵੀ ਸੈਲੀਬ੍ਰਿਟੀ ਹਾਂ, ਪੁਲਿਸ ਨੇ ਸੁੱਟੇ ਹਵਾਲਾਤ ‘ਚ

ਅੰਬਾਨੀ ਦੇ ਵਿਆਹ ‘ਚ ਵੜ ਗਏ ਬਿਨ ਬੁਲਾਏ ਮਹਿਮਾਨ, ਕਹਿੰਦੇ ਅਸੀਂ ਵੀ ਸੈਲੀਬ੍ਰਿਟੀ ਹਾਂ, ਪੁਲਿਸ ਨੇ ਸੁੱਟੇ ਹਵਾਲਾਤ ‘ਚ

ਮੁੰਬਈ (ਵੀਓਪੀ ਬਿਊਰੋ) ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦਾ ਵਿਆਹ ਆਖਿਰਕਾਰ ਪੂਰਾ ਹੋ ਗਿਆ ਹੈ। ਹਾਲੇ ਵੀ ਕੁਝ ਰਸਮਾਂ ਵਿਆਹ ਤੋਂ ਬਾਅਦ ਵਾਲੀਆਂ ਜਾਰੀ ਰਹਿਣਗੀਆਂ ਪਰ ਇੰਨੇ ਮਹੀਨਿਆਂ ਤੋਂ ਚਲੀਆਂ ਆ ਰਹੀਆਂ ਵਿਆਹ ਦੀਆਂ ਰਸਮਾਂ ਫਿਲਹਾਲ ਦੇ ਲਈ ਸਮਾਪਤ ਹੋ ਗਈਆਂ ਜਾਪਦੀਆਂ ਹਨ। ਜਦ ਇਹ ਵਿਆਹ ਦਾ ਐਲਾਨ ਹੋਇਆ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਵਿਆਹ ਤੇ ਕਰੀਬ 1000 ਕਰੋੜ ਰੁਪਏ ਦਾ ਖਰਚ ਆਵੇਗਾ। ਪਰ ਹੁਣ ਮੀਡੀਆ ਦੀਆਂ ਰਿਪੋਰਟਾਂ ਤੋਂ ਸਾਹਮਣੇ ਆ ਰਿਹਾ ਹੈ ਕਿ ਅਨੰਤ ਅੰਬਾਨੀ ਦੇ ਵਿਆਹ ‘ਤੇ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ ਹੈ।

ਅਨੰਤ ਅੰਬਾਨੀ ਦਾ ਵਿਆਹ ਇੱਕ ਦੇਸ਼ ਦੇ ਲਈ ਹੀ ਚਰਚਾ ਦਾ ਵਿਸ਼ਾ ਨਹੀਂ ਬਣਿਆ ਹੈ, ਸਗੋਂ ਪੂਰੀ ਦੁਨੀਆ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੁਨੀਆ ਦੇ ਵੱਡੇ ਕਾਰੋਬਾਰੀਆਂ ਤੋਂ ਲੈ ਕੇ ਤਮਾਮ ਖੇਤਰ ਦੀਆਂ ਸੈਲੀਬ੍ਰਿਟੀਸ ਨੇ ਇਸ ਵਿਆਹ ਵਿੱਚ ਸ਼ਮੂਲੀਅਤ ਕੀਤੀ ਹੈ। ਵਿਆਹ ਦੌਰਾਨ ਕਈ ਤਰ੍ਹਾਂ ਦੀਆਂ ਮਜ਼ਾਕ ਵਾਲੀਆਂ ਰੀਲਜ਼ ਵੀ ਸੋਸ਼ਲ ਮੀਡੀਆ ‘ਤੇ ਛਾਈਆਂ ਰਹੀਆਂ। ਇਸੇ ਦੌਰਾਨ ਜਿੱਥੇ ਕਈ ਹਜ਼ਾਰਾਂ ਮਹਿਮਾਨਾਂ ਦੇ ਨਾਲ ਇਹ ਵਿਆਹ ਸਮਾਗਮ ਸਮਾਪਤ ਹੋਣ ਵੱਲ ਹਨ, ਉੱਥੇ ਹੀ ਹੁਣ ਇੱਕ ਨਵੀਂ ਖਬਰ ਇਸ ਵਿਆਹ ਦੇ ਨਾਲ ਹੀ ਜੁੜੀ ਸਾਹਮਣੇ ਆਈ ਹੈ।

ਮੁੰਬਈ ਪੁਲਿਸ ਤੇ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਸਮਾਗਮ ‘ਚ ਬਿਨਾਂ ਬੁਲਾਏ 2 ਲੋਕ ਸ਼ਾਮਲ ਹੋ ਗਏ ਸਨ। ਬਿਨਾਂ ਬੁਲਾਏ ਮਹਿਮਾਨਾਂ ਦੇ ਵਿਆਹ ਸਮਾਗਮ ‘ਚ ਆਉਣ ਤੋਂ ਬਾਅਦ ਸਥਾਨਕ ਪੁਲਿਸ ਅਤੇ ਸੁਰੱਖਿਆ ਲਈ ਤਾਇਨਾਤ ਕੀਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਇਸ ਤੋਂ ਬਾਅਦ ਮੁੰਬਈ ਦੀ ਸਥਾਨਕ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮੁੱਢਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਨੰਤ ਅੰਬਾਨੀ ਦੇ ਵਿਆਹ ਸਮਾਗਮ ਵਿੱਚ ਦਾਖਲ ਹੋਏ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਵੈਂਕਟੇਸ਼ ਨਰਸੀਆ ਅਲੂਰੀ (26) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵੈਂਕਟੇਸ਼ ਖੁਦ ਨੂੰ ਯੂ-ਟਿਊਬਰ ਦੱਸ ਰਿਹ ਹੈ। ਦੂਜਾ ਦੋਸ਼ੀ ਲੁਕਮਾਨ ਮੁਹੰਮਦ ਸ਼ਫੀ ਸ਼ੇਖ ਹੈ, ਜਿਸ ਦੀ ਉਮਰ 28 ਸਾਲ ਹੈ ਅਤੇ ਉਹ ਆਪਣੇ ਆਪ ਨੂੰ ਕਾਰੋਬਾਰੀ ਦੱਸਦਾ ਹੈ। ਇਸ ਮਾਮਲੇ ਵਿੱਚ ਮੁੰਬਈ ਦੀ ਬੀਕੇਸੀ ਪੁਲਿਸ ਨੇ ਵੈਂਕਟੇਸ਼ ਅਤੇ ਲੁਕਮਾਨ ਨੂੰ ਹਿਰਾਸਤ ਵਿੱਚ ਲਿਆ ਸੀ।

ਮੁਲਜ਼ਮ ਵੈਂਕਟੇਸ਼ ਅਤੇ ਲੁਕਮਾਨ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਾਮਲ ਹੋਣ ਲਈ ਦੋਵੇਂ ਆਂਧਰਾ ਪ੍ਰਦੇਸ਼ ਤੋਂ ਮੁੰਬਈ ਪਹੁੰਚੇ ਸਨ। ਮੁੰਬਈ ਪੁਲਿਸ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਨੋਟਿਸ ਦੇਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ।

error: Content is protected !!