ਪੰਜਾਬ ‘ਚ ਕਿਤੇ ਰਿਮਝਿਮ ਬਾਰਿਸ਼ ਤੇ ਕਿਤੇ ਸੋਕਾ, ਅੱਜ ਇਨ੍ਹਾਂ ਸ਼ਹਿਰਾਂ ‘ਚ ਪੈ ਸਕਦੀ ਹੈ ਭਾਰੀ ਬਾਰਿਸ਼

ਪੰਜਾਬ ‘ਚ ਕਿਤੇ ਰਿਮਝਿਮ ਬਾਰਿਸ਼ ਤੇ ਕਿਤੇ ਸੋਕਾ, ਅੱਜ ਇਨ੍ਹਾਂ ਸ਼ਹਿਰਾਂ ‘ਚ ਪੈ ਸਕਦੀ ਹੈ ਭਾਰੀ ਬਾਰਿਸ਼

ਜਲੰਧਰ (ਵੀਓਪੀ ਬਿਊਰੋ) ਮਾਨਸੂਨ ਨੇ ਪੰਜਾਬ ਵਿੱਚ ਹਾਲੇ ਤੱਕ ਆਪਣੇ ਸਹੀ ਰੰਗ ਨਹੀਂ ਦਿਖਾਏ। ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਪੰਜਾਬ ਵਿੱਚ ਇਸ ਵਾਰ ਪਿੱਛਲੀ ਵਾਰ ਦੇ ਨਾਲੋ ਕਰੀਬ ਕਰੀਬ 35 ਫੀਸਦੀ ਘੱਟ ਮੀਂਹ ਪਿਆ ਹੈ।

ਹਾਲਾਂਕਿ ਪਿਛਲੇ ਇੱਕ ਹਫ਼ਤੇ ਤੋਂ ਸੁਸਤ ਚੱਲ ਰਹੇ ਮਾਨਸੂਨ ਨੇ ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਡੋਬ ਦਿੱਤਾ। ਲੁਧਿਆਣਾ, ਚੰਡੀਗੜ੍ਹ, ਮੋਹਾਲੀ, ਰੋਪੜ ਅਤੇ ਪਟਿਆਲਾ ਵਿੱਚ ਮੀਂਹ ਪਿਆ। ਪਰ ਇਸ ਦੇ ਨਾਲ ਹੀ ਜਲੰਧਰ ਵਿੱਚ ਮੀਂਹ ਤਾਂ ਕੀ ਪੈਣਾ ਸੀ ਉੱਪਰੋਂ ਹੁੰਮਸ ਨੇ ਵੀ ਲੋਕਾਂ ਦੇ ਵੱਟ ਕੱਢੇ ਹੋਏ ਹਨ।

ਚੰਡੀਗੜ੍ਹ ਵਿੱਚ ਸਭ ਤੋਂ ਵੱਧ 41.6 ਮਿਲੀਮੀਟਰ ਮੀਂਹ ਪਿਆ। ਜਦੋਂ ਕਿ ਮੋਹਾਲੀ ਵਿੱਚ 7.0 ਮਿਲੀਮੀਟਰ, ਪਟਿਆਲਾ ਵਿੱਚ 32.5 ਮਿਲੀਮੀਟਰ, ਰੋਪੜ ਵਿੱਚ 8.5 ਮਿਲੀਮੀਟਰ ਅਤੇ ਲੁਧਿਆਣਾ ਵਿੱਚ 0.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਹਾਲਾਂਕਿ ਮੀਂਹ ਤੋਂ ਬਾਅਦ ਸੂਰਜ ਨਿਕਲਣ ਅਤੇ ਹੁੰਮਸ ਭਰੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਹੀ ਕਾਰਨ ਸੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 37 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ। ਬਠਿੰਡਾ ਵਿੱਚ ਦਿਨ ਦਾ ਤਾਪਮਾਨ 42 ਡਿਗਰੀ ਤੱਕ ਪਹੁੰਚ ਗਿਆ ਜੋ ਆਮ ਨਾਲੋਂ ਛੇ ਡਿਗਰੀ ਵੱਧ ਸੀ।

ਜਦੋਂ ਕਿ ਪਠਾਨਕੋਟ ਵਿੱਚ ਇਹ 40.3 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਹੁਣ ਤੱਕ ਜੁਲਾਈ ਵਿੱਚ ਮਾਨਸੂਨ ਦੀ ਜ਼ੋਰਦਾਰ ਬਾਰਿਸ਼ ਨਹੀਂ ਹੋ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਹੁਣ ਤੱਕ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ।

ਤਰਨਤਾਰਨ, ਚੰਡੀਗੜ੍ਹ ਅਤੇ ਮਾਨਸਾ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹੇ ਮੀਂਹ ਦੇ ਆਮ ਅੰਕੜਿਆਂ ਤੋਂ ਦੂਰ ਹਨ। ਵਿਗਿਆਨੀਆਂ ਮੁਤਾਬਕ ਮਾਨਸੂਨ ਅਜੇ ਪੂਰੀ ਤਰ੍ਹਾਂ ਸਰਗਰਮ ਨਹੀਂ ਹੋਇਆ ਹੈ। ਇਸ ਕਾਰਨ ਕੁਝ ਥਾਵਾਂ ‘ਤੇ ਚੰਗੀ ਬਾਰਿਸ਼ ਹੋ ਰਹੀ ਹੈ ਅਤੇ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਰਹੀ ਹੈ।

ਹਾਲਾਂਕਿ ਬੁੱਧਵਾਰ ਤੋਂ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਐਸਏਐਸ ਨਗਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਗਰਜ ਦੇ ਨਾਲ-ਨਾਲ ਸਿਰਫ਼ ਛਿੜਕਾਅ ਅਤੇ ਬੂੰਦਾਬਾਂਦੀ ਹੀ ਹੋਵੇਗੀ।

error: Content is protected !!