ਨਸ਼ਾ ਕਰਦੇ ਫੜੇ ਗਏ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕੋਰਟ ਨੇ ਨਿਆਂਇਕ ਹਿਰਾਸਤ ‘ਚ ਭੇਜਿਆ

ਨਸ਼ਾ ਕਰਦੇ ਫੜੇ ਗਏ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕੋਰਟ ਨੇ ਨਿਆਂਇਕ ਹਿਰਾਸਤ ‘ਚ ਭੇਜਿਆ

ਜਲੰਧਰ/ਫਿਲੌਰ (ਵੀਓਪੀ ਬਿਊਰੋ) ਚਾਰ ਗ੍ਰਾਮ ਆਈਸ ਡਰੱਗ ਦੇ ਨਾਲ ਜਲੰਧਰ ਦੀ ਫਿਲੌਰ ਪੁਲਿਸ ਵੱਲੋਂ ਫੜੇ ਗਏ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਚੁਣੇ ਗਏ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਫਿਲੌਰ ਦੀ ਸਬ ਡਿਵੀਜ਼ਨ ਕੋਰਟ ਨੇ ਅੱਜ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਦੇ ਸਾਥੀ ਲਵਪ੍ਰੀਤ ਨੂੰ ਵੀ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ‘ਤੇ ਭੇਜਣ ਦਾ ਫੈਸਲਾ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਫਿਲੌਰ ਲੁਧਿਆਣਾ ਜਲੰਧਰ ਹਾਈਵੇ ਤੋਂ ਨਸ਼ੇ ਸਮੇਤ ਕਾਬੂ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਭਰਾ ਅਤੇ ਉਸਦੇ ਸਾਥੀ ਨੂੰ ਅਦਾਲਤ ਨੇ ਪਹਿਲਾ ਵੀ ਹਿਰਾਸਤ ਵਿੱਚ ਭੇਜਿਆ ਸੀ ਪਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਇਹਨਾਂ ਦੋਵਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਪੰਜਾਬ ਪੁਲਿਸ ਦਾ ਤਰਕ ਸੀ ਕਿ ਉਹ ਇਹਨਾਂ ਤੋਂ ਪੁਛਗਿੱਛ ਕਰਨ ਤੋਂ ਬਾਅਦ ਨਸ਼ੇ ਦੇ ਨੈਟਵਰਕ ਦੇ ਵੱਡੇ ਦਲਾਲਾਂ ਤੱਕ ਪਹੁੰਚਣਾ ਚਾਹੁੰਦੀ ਹੈ। ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਨਸ਼ੇ ਦੇ ਵੱਡੇ ਨੈਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉੱਥੇ ਹੀ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਅਤੇ ਚਾਚਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਰਪ੍ਰੀਤ ਸਿੰਘ ਨੂੰ ਜਾਣਬੁਝ ਕੇ ਨਸ਼ੇ ਦੇ ਕੇਸ ਵਿੱਚ ਫਸਾ ਰਹੀ ਹੈ ਤਾਂ ਜੋ ਉਹਨਾਂ ਦਾ ਚਰਿੱਤਰ ਮੈਲਾ ਹੋ ਜਾਵੇ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਹਮੇਸ਼ਾ ਨਸ਼ੇ ਦੇ ਖਿਲਾਫ ਲੜਾਈ ਲੜੀ ਹੈ, ਇਹ ਨਹੀਂ ਹੋ ਸਕਦਾ ਕਿ ਉਹ ਨਸ਼ਾ ਕਰਦੇ ਹੋਏ ਫੜੇ ਜਾਣ। ਇਹ ਪੰਜਾਬ ਸਰਕਾਰ ਦੀ ਇੱਕ ਚਾਲ ਹੈ, ਜੋ ਉਹ ਆਪਣੀਆਂ ਏਜੰਸੀਆਂ ਦੇ ਕੋਲੋਂ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ।

ਇਥੇ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਜੋ ਕਿ ਪਹਿਲਾਂ ਦੁਬਈ ਵਿਖੇ ਕੰਮ ਕਰਦੇ ਸੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇਕਦਮ ਪੰਜਾਬ ਵਿੱਚ ਆਉਂਦੇ ਨੇ ਅਤੇ ਵਾਰਿਸ ਪੰਜਾਬ ਦੀ ਸੰਸਥਾ ਦੇ ਮੁਖੀ ਬਣ ਜਾਂਦੇ ਹਨ। ਇਸ ਦੌਰਾਨ ਉਹ ਅੰਮ੍ਰਿਤ ਛਕਦੇ ਨੇ ਅਤੇ ਸਿੰਘ ਸਾਹਿਬਾਨ ਬਣ ਜਾਂਦੇ ਨੇ ਇਸ ਤਰਾਂ ਉਹ ਕਾਫੀ ਮੁਹਿੰਮਾਂ ਸ਼ੁਰੂ ਕਰਦੇ ਨੇ ਜਿਸ ਤਹਿਤ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ। ਖਾਲਿਸਤਾਨੀ ਪੱਖੀ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ ਵਿੱਚ ਐਨਐਸਐ ਤਹਿਤ ਬੰਦ ਹਨ।

ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕਾਫੀ ਵਾਰ ਕਿਹਾ ਕਿ ਉਹਨਾਂ ਨੂੰ ਨਜਾਇਜ਼ ਤੌਰ ‘ਤੇ ਸਰਕਾਰ ਨੇ ਅਸਾਮ ਦੀ ਜੇਲ ਵਿੱਚ ਬੰਦ ਕੀਤਾ ਹੋਇਆ ਹੈ। ਦੂਜੇ ਪਾਸੇ ਜਦ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਨੇ ਆਪਣੀ ਉਮੀਦਵਾਰ ਦੀ ਤਾਲ ਠੋਕੀ ਤਾਂ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਪਾਰਲੀਮੈਂਟ ਭੇਜਿਆ। ਇਸ ਤੋਂ ਥੋੜੇ ਦਿਨਾਂ ਬਾਅਦ ਹੀ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਦੀ ਨਸ਼ੇ ਦੇ ਨਾਲ ਗ੍ਰਿਫਤਾਰੀ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਹਨ। ਆਉਣ ਵਾਲੇ ਸਮੇਂ ਵਿੱਚ ਇਸ ਨਸ਼ੇ ਦੇ ਨੈਟਵਰਕ ਨੂੰ ਲੈ ਕੇ ਪੰਜਾਬ ਪੁਲਿਸ ਕੀ ਖੁਲਾਸਾ ਕਰਦੀ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

error: Content is protected !!