ਵਿਰਾਸਤੀ ਮੰਚ ਬਟਾਲਾ ਨੇ ਸਕਾਈ ਰਾਈਡਰ ਕ੍ਰਿਕੇਟ ਅਕੈਡਮੀ ਬਟਾਲਾ ਵਿਖੇ ਪੰਜਾਬੀ ਮਾਂ-ਬੋਲੀ ਦੇ ਲਾਡਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ 88ਵਾਂ ਜਨਮ ਦਿਨ ਮਨਾਇਆ

ਵੀਓਪੀ ਬਿਓਰੋ: ਵਿਰਾਸਤੀ ਮੰਚ, ਬਟਾਲਾ ਵੱਲੋਂ ਅੱਜ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ 88ਵਾਂ ਜਨਮ ਦਿਨ ਅੱਜ ਸਕਾਈ ਰਾਈਡਰ ਕ੍ਰਿਕੇਟ ਅਕੈਡਮੀ ਮਿਸ਼ਰਪੁਰਾ (ਬਟਾਲਾ) ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਵਿਰਾਸਤੀ ਮੰਚ ਦੇ ਅਹੁਦੇਦਾਰਾਂ ਨੇ ਨੌਜਵਾਨਾਂ ਨਾਲ ਸ਼ਿਵ ਬਟਾਲਵੀ ਦੇ ਜੀਵਨ ਤੇ ਉਨ੍ਹਾਂ ਦੀ ਰਚਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕੇਕ ਅਤੇ ਲੱਡੂ ਵੰਡ ਕੇ ਸ਼ਿਵ ਬਟਾਲਵੀ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਗਈ।

ਪੂਰੀ ਦੁਨੀਆਂ ਵਿੱਚ ਵੱਸਦੇ ਸ਼ਿਵ ਕੁਮਾਰ ਬਟਾਲਵੀ ਦੇ ਪ੍ਰਸੰਸਕਾਂ ਨੂੰ ਉਨਾਂ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਵਿਰਾਸਤੀ ਮੰਚ ਬਟਾਲਾ ਦੇ ਚੇਅਰਮੈਨ ਐਡਵੋਕੇਟ ਐੱਚ.ਐੱਸ. ਮਾਂਗਟ ਨੇ ਕਿਹਾ ਕਿ ਬਟਾਲਾ ਵਾਸੀਆਂ ਨੂੰ ਆਪਣੇ ਲਾਡਲੇ ਸ਼ਾਇਰ ਉੱਪਰ ਬਹੁਤ ਮਾਣ ਹੈ ਜਿਨਾਂ ਨੇ ਆਪਣੀ ਸ਼ਾਇਰੀ ਰਾਹੀਂ ਬਟਾਲਾ ਸ਼ਹਿਰ ਦਾ ਨਾਮ ਵੀ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਉਨਾਂ ਕਿਹਾ ਕਿ ਸ਼ਿਵ ਬਟਾਲਵੀ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਜਿਹੀਆਂ ਖੂਬਸੂਰਤ ਰਚਨਾਵਾਂ ਪਾਈਆਂ ਹਨ ਜੋ ਰਹਿੰਦੀ ਦੁਨੀਆਂ ਤੱਕ ਉਸ ਨੂੰ ਲੋਕ ਮਨਾਂ ਵਿੱਚ ਜ਼ਿੰਦਾ ਰੱਖਣਗੀਆਂ। ਉਨਾਂ ਕਿਹਾ ਕਿ ਅਜੋਕੀ ਪੀੜੀ ਨੂੰ ਆਪਣੇ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਅਤੇ ਸ਼ਿਵ ਬਟਾਲਵੀ ਵਰਗੇ ਸਿਰਮੌਰ ਕਵੀਆਂ ਨੂੰ ਜਰੂਰ ਪੜਨਾ ਚਾਹੀਦਾ ਹੈ।

ਇਸ ਮੌਕੇ ਵਿਰਾਸਤੀ ਮੰਚ ਦੇ ਨੁਮਾਇੰਦੇ ਅਤੇ ਡੀ.ਪੀ.ਆਰ.ਓ. ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਸ਼ਿਵ ਬਟਾਲਵੀ ਨੇ ਇਕੱਲੀ ਬਿਰਹਾ ਦੀ ਕਵਿਤਾ ਹੀ ਨਹੀਂ ਲਿਖੀ ਬਲਕਿ ਉਹ ਇੱਕ ਖੁਸ਼ ਮਿਜਾਜ ਅਤੇ ਸਮਾਜਿਕ ਕੁਰੀਤੀਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲਾ ਸ਼ਾਇਰ ਵੀ ਸੀ। ਸ਼ਿਵ ਦਾ ਲਿਖਿਆ ਕਾਵਿ-ਨਾਟ ਲੂਣਾ ਉਸਦੀ ਸ਼ਾਹਕਾਰ ਰਚਨਾ ਹੈ ਜਿਸ ਵਿੱਚ ਉਸਨੇ ਲੂਣਾ ਨੂੰ ਇੱਕ ਨਾਇਕਾ ਵਜੋਂ ਪੇਸ਼ ਕਰਕੇ ਸਮਾਜਿਕ ਮਿੱਥ ਨੂੰ ਤੋੜਿਆ ਹੈ। ਉਨਾਂ ਕਿਹਾ ਕਿ ਸ਼ਿਵ ਦੀ ਸ਼ਾਇਰੀ ਬਹੁਤ ਡੂੰਘੀ ਅਤੇ ਬਹੁਪੱਖੀ ਹੈ ਜਿਸਨੂੰ ਸਮਝਣ ਦੀ ਲੋੜ ਹੈ। ਇਸ ਮੌਕੇ ਸ਼ਿਵ ਬਟਾਲਵੀ ਦੇ ਗੀਤਾਂ ਅਤੇ ਕਵਿਤਾਵਾਂ ਨੂੰ ਬੋਲ ਕੇ ਸ਼ਿਵ ਨੂੰ ਯਾਦ ਕੀਤਾ ਗਿਆ।

ਇਸ ਮੌਕੇ ਸਕਾਈ ਰਾਈਡਰ ਕ੍ਰਿਕੇਟ ਅਕੈਡਮੀ ਦੇ ਸੰਚਾਲਕ ਸਤਵੰਤ ਸਿੰਘ ਬਾਜਵਾ, ਪ੍ਰੋ. ਜਸਬੀਰ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਵਰਿੰਦਰ ਸਿੰਘ ਅੰਮੋਨੰਗਲ, ਰਣਜੀਤ ਸਿੰਘ ਬਹਾਦਰ ਹੂਸੈਨ, ਮੋਹਨ ਸਿੰਘ ਧੰਦੋਈ, ਅਨੁਰਾਗ ਮਹਿਤਾ, ਵਿਕਾਸ ਮਹਿਤਾ, ਗੁਰਦਿਆਲ ਸਿੰਘ ਸੰਧੂ, ਹਰਦਿਆਲ ਸਿੰਘ ਸੰਧੂ, ਰਣਜੀਤ ਸਿੰਘ ਸਿੱਧੂ, ਸਰਬਜੀਤ ਸਿੰਘ ਸਿੱਧੂ, ਜਸਕਰਨ ਸਿੰਘ ਖੈਹਿਰਾ, ਪ੍ਰਿੰਸ ਮਹਾਜਨ, ਅਕਾਸ਼ ਮਹਿਰਾ, ਗੁਰਨੂਰ ਸਿੰਘ ਸਿੱਧੂ, ਕਰਨ ਸ਼ਰਮਾਂ, ਕਾਲੂ ਮਹਾਜਨ ਤੋਂ ਇਲਾਵਾ ਕ੍ਰਿਕੇਟ ਅਕੈਡਮੀ ਦੇ ਖਿਡਾਰੀ ਵੀ ਹਾਜ਼ਰ ਸਨ।

error: Content is protected !!