ਮਕਾਨ ਵੇਚਕੇ ਘਰ ਰੱਖੇ ਮਾਮੇ ਦੇ 21 ਲੱਖ ਲੈਕੇ ਭਾਣਜੀ ਹੋਈ ਪ੍ਰੇਮੀ ਨਾਲ ਫਰਾਰ, ਸਭ ਨੂੰ ਕਰ ਗਈ ਬੇਹੋਸ਼

 ਦਿੱਲੀ ਤੋਂ ਮਕਾਨ ਵੇਚ ਕੇ ਤਰਨਤਾਰਨ ਰਹਿੰਦੀ ਭੈਣ ਕਰ ਆਏ ਵਿਅਕਤੀ ਦੇ 21 ਲੱਖ ਰੁਪਏ ਕਥਿਤ ਤੌਰ ’ਤੇ ਉਸਦੀ ਭਣੇਵੀਂ ਆਪਣੇ ਦੋਸਤ ਸਮੇਤ ਲੈ ਕੇ ਫਰਾਰ ਹੋ ਗਈ। ਪੈਸੇ ਲਿਜਾਣ ਤੋਂ ਪਹਿਲਾਂ ਉਸਨੇ ਸਾਰੇ ਪਰਿਵਾਰ ਨੂੰ ਬੇਹੋਸ਼ ਕਰ ਦਿੱਤਾ। ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਪੈਸੇ ਲਿਜਾਣ ਵਾਲੀ ਭਣੇਵੀਂ ’ਤੇ ਉਸਦੇ ਦੋਸਤ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ

ਰਾਜਨ ਸ਼ਰਮਾ ਪੁੱਤਰ ਸੋਮਨਾਥ ਸ਼ਰਮਾ ਨਾਮਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਦਿੱਲੀ ਤੋਂ ਆਪਣਾ ਮਕਾਨ ਵੇਚ ਕੇ ਆਪਣੀਆਂ ਦੋ ਲੜਕੀਆਂ ਸਮੇਤ 21 ਲੱਖ ਰੁਪਏ ਲੈ ਕੇ ਤਰਨਤਾਰਨ ਦੀ ਪੁਰਾਣੀ ਦਾਣਾ ਮੰਡੀ ਸਥਿਤ ਆਪਣੀ ਭੈਣ ਮਿਨਾਕਸ਼ੀ ਦੇ ਘਰ ਆ ਕੇ ਰਹਿ ਰਿਹਾ ਸੀ। 20 ਜੁਲਾਈ ਨੂੰ ਸਵੇਰੇ 7 ਵਜੇ ਉਸਦੀ ਭਣੇਵੀਂ ਸਤੂਤੀ ਸ਼ਰਮਾ ਨੇ ਚਾਹ ਬਣਾ ਕੇ ਸਾਰੇ ਪਰਿਵਾਰ ਨੂੰ ਦਿੱਤੀ। ਜਿਸ ਤੋਂ ਬਾਅਦ ਸਾਰਾ ਪਰਿਵਾਰ ਗੂੜੀ ਨੀਂਦ ਵਿਚ ਚਲਾ ਗਿਆ।

ਦੁਪਹਿਰ ਕਰੀਬ ਸਾਢੇ ਤਿੰਨ ਵਜੇ ਉਸਦੀ ਜਾਗ ਖੁੱਲ੍ਹੀ ਤਾਂ ਵੇਖਿਆ ਕਿ ਉਸਦੀ ਭਣੇਵੀ ਸਤੂਤੀ ਉਸਦੇ 20 ਲੱਖ 90 ਹਜਾਰ ਰੁਪਏ ਚੋਰੀ ਕਰਕੇ ਲੈ ਗਈ ਸੀ। ਉਹ ਸਤੂਤੀ ਦੀ ਭਾਲ ਵਿਚ ਲੱਗੇ ਤਾਂ ਪਤਾ ਲੱਗਾ ਕਿ ਉਸਦੀ ਭਣੇਵੀਂ ਨੇ ਆਪਣੇ ਦੋਸਤ ਅਨਮੋਲਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਸਰਹਾਲੀ ਜ਼ਿਲ੍ਹਾ ਫਿਰੋਜ਼ਪੁਰ ਨਾਲ ਮਿਲੀਭੁਗਤ ਕਰਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਤਰਨਤਾਰਨ ਦੇ ਏਐੱਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਰਾਜਨ ਸ਼ਰਮਾ ਦੇ ਬਿਆਨ ਕਲਮਬੰਦ ਕਰਕੇ ਸਤਕੂਤੀ ਸ਼ਰਮਾ ਪੁੱਤਰੀ ਨਰੇਸ਼ ਸ਼ਰਮਾ ਅਤੇ ਅਨਮੋਲਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!