ਗੁਰਦੁਆਰਾ ਸਾਹਿਬ ‘ਚ ਬੇਅਦਬੀ, ਮੁਲਜ਼ਮ ਦਾ ਚਾੜ੍ਹਿਆ ਕੁੱਟਾਪਾ, ਸੁਖਬੀਰ ਬਾਦਲ ਨੇ ਕਿਹਾ- CM ਮਾਨ ਮਾਹੌਲ ਸਹੀਂ ਰੱਖਣ ‘ਚ ਨਾਕਾਮ
ਕਪੂਰਥਲਾ (ਵੀਓਪੀ ਬਿਊਰੋ) ਪੰਜਾਬ ਵਿੱਚ ਬੇਅਦਬੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਹੈ। ਹੁਣ ਭੁਲੱਥ ਦੇ ਪਿੰਡ ਭਗਵਾਨਪੁਰ ‘ਚ ਗੁਰਦੁਆਰਾ ਸਾਹਿਬ ‘ਚ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਪਿੰਡ ਵਾਸੀਆਂ ਨੇ ਕੁੱਟਮਾਰ ਕੀਤੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਗੁੱਸੇ ਵਿੱਚ ਆਏ ਲੋਕਾਂ ਨੇ ਭੁਲੱਥ ਦੇ ਸਿਵਲ ਹਸਪਤਾਲ ਦਾ ਘਿਰਾਓ ਕਰਕੇ ਧਰਨਾ ਦਿੱਤਾ ਹੈ।
ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਲੰਧਰ ਅਤੇ ਕਪੂਰਥਲਾ ਦੇ ਪੁਲਿਸ ਅਧਿਕਾਰੀਆਂ ਸਮੇਤ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਇਸ ਗੱਲ ਦੀ ਪੁਸ਼ਟੀ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਕੀਤੀ ਹੈ। ਬੇਅਦਬੀ ਦੀ ਘਟਨਾ ਗੁਰਦੁਆਰਾ ਸਾਹਿਬ ‘ਚ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ ਪਿੰਡ ਭਗਵਾਨਪੁਰ ‘ਚ ਇਕ ਨੌਜਵਾਨ ‘ਤੇ ਸ੍ਰੀ ਗੁਰੂਦੁਆਰਾ ਸਾਹਿਬ ‘ਚ ਬੇਅਦਬੀ ਦਾ ਦੋਸ਼ ਲੱਗਾ ਹੈ। ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਉਹ ਇੱਕ ਦਿਨ ਦੀ ਛੁੱਟੀ ’ਤੇ ਹਨ। ਇਹ ਮਾਮਲਾ ਜਲੰਧਰ ਦੇ ਸੀਪੀ ਸਵਪਨ ਸ਼ਰਮਾ ਅਤੇ ਐੱਸਐੱਸਪੀ ਕਪੂਰਥਲਾ ਵਤਸਲਾ ਗੁਪਤਾ ਵੱਲੋਂ ਦੇਖਿਆ ਜਾ ਰਿਹਾ ਹੈ। ਮੁਲਜ਼ਮ ਦੀ ਪਛਾਣ ਹਰਦੇਵ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਬੇਅਦਬੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸਭ ਤੋਂ ਪਹਿਲਾਂ ਪੁਲੀਸ ਦੀ ਪਹਿਲ ਅਮਨ-ਕਾਨੂੰਨ ’ਤੇ ਕਾਬੂ ਪਾਉਣਾ ਅਤੇ ਜ਼ਖ਼ਮੀ ਮੁਲਜ਼ਮਾਂ ਦਾ ਇਲਾਜ ਕਰਵਾਉਣਾ ਹੈ। ਉਸ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਸੀਪੀ ਜਲੰਧਰ ਅਤੇ ਐੱਸਐੱਸਪੀ ਕਪੂਰਥਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਨਿੱਤ ਬੇਅਦਬੀ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਮਾਹੌਲ ਸਹੀਂ ਰੱਖਣ ਵਿੱਚ ਨਾਕਾਮ ਰਹੇ ਹਨ।
Punjab bulath beadbi crime latest news sikh