2.30 ਕਰੋੜ ਦੀ ਠੱਗੀ, ਬਿਆਨਾ ਕਰਵਾ ਕੇ ਮੁਕਰੇ, ਫਿਰ 16 ਕਰੋੜ ਦੀ ਜ਼ਮੀਨ ਵੇਚ’ਤੀ ਕਿਸੇ ਹੋਰ ਨੂੰ

2.30 ਕਰੋੜ ਦੀ ਠੱਗੀ, ਬਿਆਨਾ ਕਰਵਾ ਕੇ ਮੁਕਰੇ, ਫਿਰ 16 ਕਰੋੜ ਦੀ ਜ਼ਮੀਨ ਵੇਚ’ਤੀ ਕਿਸੇ ਹੋਰ ਨੂੰ

ਮੋਹਾਲੀ (ਵੀਓਪੀ ਬਿਊਰੋ) ਮੋਹਾਲੀ ਫੇਜ਼-1 ਥਾਣੇ ਦੀ ਪੁਲਿਸ ਨੇ ਪਲਾਟ ਦੀ ਰਜਿਸਟਰੀ ਨਾ ਕਰਵਾ ਕੇ 2.30 ਕਰੋੜ ਰੁਪਏ ਲੈ ਕੇ ਹੋਰਾਂ ਨੂੰ ਪਲਾਟ ਵੇਚਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਇੱਕ ਮੁਲਜ਼ਮ ਫਰਾਰ ਹੈ। ਇਹ ਮੁਲਜ਼ਮ ਚੰਡੀਗੜ੍ਹ ਦੇ ਇੱਕ ਸਾਬਕਾ ਕੌਂਸਲਰ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ। ਮੁਲਜ਼ਮਾਂ ਦੀ ਪਛਾਣ ਰੁਪਿੰਦਰ ਸਿੰਘ, ਬਲਵਿੰਦਰ ਕੌਰ, ਜਸਪਾਲ ਸਿੰਘ ਅਤੇ ਰਣਜੋਧ ਸਿੰਘ ਸਾਰੇ ਵਾਸੀ ਸੈਕਟਰ-27 ਏ, ਚੰਡੀਗੜ੍ਹ ਵਜੋਂ ਹੋਈ ਹੈ। ਸੈਕਟਰ-70 ਦੇ ਵਸਨੀਕ ਸੌਰਵ ਗੋਇਲ ਦੇ ਬਿਆਨਾਂ ’ਤੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਫੇਜ਼-1 ਥਾਣੇ ਦੇ ਐਸਐਚਓ ਜਗਦੀਪ ਸਿੰਘ ਨੇ ਦੱਸਿਆ ਕਿ ਰੁਪਿੰਦਰ ਸਿੰਘ, ਬਲਵਿੰਦਰ ਕੌਰ ਅਤੇ ਰਣਜੋਧ ਸਿੰਘ ਨੂੰ ਪੁਲਿਸ ਨੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਜਸਪਾਲ ਸਿੰਘ ਫਰਾਰ ਹੈ। ਉਸ ਦੀ ਭਾਲ ਜਾਰੀ ਹੈ। ਤਿੰਨਾਂ ਨੂੰ ਸ਼ੁੱਕਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਸੌਰਵ ਗੋਇਲ ਨੇ ਆਪਣੇ ਖ਼ਿਲਾਫ਼ ਧੋਖਾਧੜੀ ਦੇ ਮਾਮਲੇ ਦੀ ਸ਼ਿਕਾਇਤ ਐਸਐਸਪੀ ਮੁਹਾਲੀ ਨੂੰ ਕੀਤੀ ਸੀ। ਇਸ ਤੋਂ ਬਾਅਦ ਮਾਮਲੇ ਨੂੰ ਜਾਂਚ ਲਈ ਫੇਜ਼-1 ਥਾਣੇ ਭੇਜ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਇੰਡਸਟਰੀਅਲ ਏਰੀਆ ਫੇਜ਼-8ਬੀ ਵਿੱਚ ਪਲਾਟ ਨੰਬਰ ਡੀ-215 ਵਿੱਚ ਰੁਪਿੰਦਰ ਸਿੰਘ ਦੀ 40 ਫੀਸਦੀ, ਬਲਵਿੰਦਰ ਕੌਰ ਦੀ 20 ਫੀਸਦੀ, ਜਸਪਾਲ ਸਿੰਘ ਅਤੇ ਰਣਜੋਧ ਸਿੰਘ ਦੀ 20-20 ਫੀਸਦੀ ਹਿੱਸੇਦਾਰੀ ਹੈ। ਚਾਰੋਂ ਪਲਾਟ ਦੇ ਹਿੱਸੇਦਾਰ ਹਨ। 5 ਜਨਵਰੀ 2024 ਨੂੰ ਪਲਾਟ ਦੀ ਵਿਕਰੀ ਸਬੰਧੀ ਮੁਲਜ਼ਮਾਂ ਨਾਲ ਸਮਝੌਤਾ ਹੋਇਆ।

ਉਸ ਸਮੇਂ ਇਨ੍ਹਾਂ ਸ਼ੇਅਰਧਾਰਕਾਂ ਨੂੰ 2 ਕਰੋੜ 30 ਲੱਖ ਰੁਪਏ ਦੀ ਬਿਆਨਾ ਰਾਸ਼ੀ ਅਤੇ 70 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਸਨ। ਮੁਲਜ਼ਮਾਂ ਨੇ ਬਿਆਨਾ ਰਕਮ ਲੈ ਕੇ ਨਿਰਧਾਰਤ ਮਿਤੀ ‘ਤੇ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਬਿਆਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਹ ਜਾਇਦਾਦ 16 ਕਰੋੜ 50 ਲੱਖ ਰੁਪਏ ‘ਚ ਕਿਸੇ ਹੋਰ ਧਿਰ ਨੂੰ ਵੇਚ ਦਿੱਤੀ, ਜਿਸ ‘ਚੋਂ ਉਨ੍ਹਾਂ ਨੇ 10 ਲੱਖ ਰੁਪਏ ਵੀ ਲੈ ਲਏ। ਇਸ ਸਬੰਧੀ ਪਤਾ ਲੱਗਣ ’ਤੇ ਮੁਹਾਲੀ ਦੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

error: Content is protected !!